ਡਾ. ਧਰਮਵੀਰ ਗਾਂਧੀ ਨੇ ਬਣਾਇਆ ਪੰਜਾਬ ਮੰਚ ਨਾਂ ਦਾ ਨਵਾਂ ਫਰੰਟ

ਚੰਡੀਗੜ੍ਹ, 29 ਮਾਰਚ (ਪੰਜਾਬ ਮੇਲ)- ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਡਾ. ਧਰਮਵੀਰ ਗਾਂਧੀ ਪੰਜਾਬ ਮੰਚ ਨਾਂ ਦਾ ਨਵਾਂ ਸਿਆਸੀ ਫਰੰਟ ਗਠਿਤ ਕਰ ਲਿਆ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਡਾ. ਗਾਂਧੀ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫਰੰਟ ਨੂੰ ਅੱਗੇ ਜਾ ਕੇ ਖੇਤਰੀ ਪਾਰਟੀ ਦਾ ਰੂਪ ਦਿੱਤਾ ਜਾ ਸਕਦਾ ਹੈ। ਡਾ. ਗਾਂਧੀ ਨੇ ਕੇਜਰੀਵਾਲ ਦੀ ਮਜੀਠੀਆ ਤੋਂ ਮੁਆਫ਼ੀ ਮੰਗਣ ‘ਤੇ ਟਿੱਪਣੀ ਕੀਤੀ ਕਿ ਇਸ ਤੋਂ ਚੰਗਾ ਤਾਂ ਉਹ ਜੇਲ੍ਹ ਚਲਾ ਜਾਂਦਾ। ਡਾ. ਗਾਂਧੀ ਨੇ ਕੇਂਦਰ ਵਿੱਚ ਸੱਤਾ ‘ਤੇ ਕਾਬਜ਼ ਭਾਜਪਾ ਸਮੇਤ ਸਾਰੀਆਂ ਕੌਮੀ ਸਿਆਸੀ ਪਾਰਟੀਆਂ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੇ ਮੰਚ ਦਾ ਉਦੇਸ਼ ਫੈਡਰਲ ਭਾਰਤ ਤੇ ਜਮਹੂਰੀ ਪੰਜਾਬ ਦੀ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਕੌਮੀ ਪਾਰਟੀਆਂ ਨੇ ਹਮੇਸ਼ਾ ਦੇਸ਼ ਨੁਕਸਾਨ ਕੀਤਾ ਹੈ, ਸੋ ਖੇਤਰੀ ਪਾਰਟੀਆਂ ਹੀ ਦੇਸ਼ ਦਾ ਕੁਝ ਸਵਾਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਨੇ ਸਾਰੀਆਂ ਸ਼ਕਤੀਆਂ ਆਪਣੇ ਹੱਥ ਹੇਠਾਂ ਰੱਖੀਆਂ ਹਨ ਜਦਕਿ ਸੂਬਿਆਂ ਨੂੰ ਵਧੇਰੇ ਖ਼ੁਦਮੁਖ਼ਤਿਆਰੀ ਦੇਣ ਦੀ ਲੋੜ ਹੈ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਹੌਲੀ-ਹੌਲੀ ਦਿਵਾਲੀਏਪਣ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਚ ਭਾਰਤ ਨੂੰ ਸੱਚਮੁੱਚ ਫੈਡਰਲ ਬਣਾਉਣ ਲਈ ਯਤਸ਼ੀਲ ਹੋਵੇਗਾ ਤੇ ਪੰਜਾਬ ਦੇ ਮੁਕੰਮਲ ਜਮਹੂਰੀਕਰਨ ਲਈ ਸੰਘਰਸ਼ੀਲ ਰਹੇਗਾ। ਡਾ. ਗਾਂਧੀ ਨੇ ਕਿਹਾ ਕਿ ਉਨ੍ਹਾਂ ਤੋਂ ਇਲਾਵਾ ਮੰਚ ਦੇ ਮੁਢਲੇ ਮੈਂਬਰ ਡਾ. ਜਗਜੀਤ ਚੀਮਾ, ਪ੍ਰੋ. ਬਾਵਾ ਸਿੰਘ, ਪ੍ਰੋ. ਮਲਕੀਅਤ ਸਿੰਘ ਸੈਣੀ, ਪ੍ਰੋ. ਰੌਣਕੀ ਰਾਮ, ਸੁਖਦੇਵ ਸਿੰਘ ਪੱਤਰਕਾਰ, ਹਰਮੀਤ ਬਰਾੜ, ਗੁਰਪ੍ਰੀਤ ਗਿੱਲ, ਦਿਲਪ੍ਰੀਤ ਗਿੱਲ ਤੇ ਹਰਜਿੰਦਰ ਜੀਰਾ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਪਿੰਡ-ਪਿੰਡ ਜਾ ਕੇ ਹੋਰਾਂ ਲੋਕਾਂ ਨੂੰ ਆਪਣੇ ਨਾਲ ਜੋੜਨਗੇ।