ਡਾ.ਓਬਰਾਏ ਦੇ ਯਤਨਾਂ ਸਦਕਾ ਵਿਧਵਾ ਮਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਵਤਨ ਪੁੱਜੀ

277
ਰਾਜਾਸਾਂਸੀ ਹਵਾਈ ਅੱਡੇ 'ਤੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ ਮੌਕੇ ਪਰਿਵਾਰਕ ਮੈਂਬਰ।
Share

ਭਕਨਾ ਖੁਰਦ ਦੇ ਮਨਦੀਪ ਦੀ 6 ਜੁਲਾਈ ਨੂੰ ਦੁਬਈ ‘ਚ ਹੋਈ ਸੀ ਮੌਤ
ਹੁਣ ਤੱਕ 178 ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕਾ ਹੈ ਟਰੱਸਟ: ਹੇਰ, ਸਿੱਧੂ
ਅੰਮ੍ਰਿਤਸਰ, 11 ਜੁਲਾਈ (ਪੰਜਾਬ ਮੇਲ)-ਖਾੜੀ ਦੇਸ਼ਾਂ ਅੰਦਰ ਕੰਮ ਕਰਨ ਵਾਲੇ ਹਰ ਧਰਮ,ਨਸਲ ਤੇ ਜਾਤ ਦੇ ਲੋਕਾਂ ਲਈ ਮਸੀਹਾ ਵੱਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਕਨਾ ਖੁਰਦ ਦੇ 23 ਸਾਲਾ ਨੌਜਵਾਨ ਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ।

ਮ੍ਰਿਤਕ ਮਨਦੀਪ ਸਿੰਘ ਦੀ ਫ਼ਾਈਲ ਫ਼ੋਟੋ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਦੇਵ ਸਿੰਘ, ਗੁਰਜਿੰਦਰ ਸਿੰਘ,ਅਮਰੀਕ ਸਿੰਘ,ਮਾਮਾ ਰਣਜੀਤ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਆਪਣੇ ਚੰਗੇਰੇ ਭਵਿੱਖ ਦੇ ਸੁਪਨੇ ਦਿਲ ‘ਚ ਸੰਜੋਅ ਕੇ ਅਜੇ 6 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਕਿ ਕੁਝ ਸਮੇਂ ਬਾਅਦ ਹੀ ਕਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਨ ਮਨਦੀਪ ਦਾ ਕੰਮ ਬੰਦ ਹੋ ਗਿਆ ਸੀ ਅਤੇ ਬੇਰੁਜ਼ਗਾਰ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਸੀ,ਜਿਸ ਦੇ ਚੱਲਦਿਆਂ ਅਚਾਨਕ ਬੀਤੀ 6 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਮਨਦੀਪ ਦੀ ਮੌਤ ਨਾਲ ਆਪਣੇ ਪਰਿਵਾਰ ਤੇ ਟੁੱਟੇ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਰਬੱਤ ਭਲਾ ਟਰੱਸਟ ਦੇ ਸਥਾਨਕ ਅਹੁਦੇਦਾਰਾਂ ਰਾਹੀਂ ਡਾ. ਓਬਰਾਏ ਨਾਲ ਸੰਪਰਕ ਕੀਤਾ,ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਡਾ.ਓਬਰਾਏ ਵੱਲੋਂ ਮਨਦੀਪ ਦਾ ਮ੍ਰਿਤਕ ਸਰੀਰ ਬੀਤੀ ਦੇਰ ਰਾਤ ਦੁਬਈ ਤੋਂ ਭੇਜ ਦਿੱਤਾ ਸੀ,ਜਿਸ ਦਾ ਅੱਜ ਉਸ ਦੇ ਜੱਦੀ ਪਿੰਡ ਭਕਨਾ ਖੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਪਰਿਵਾਰ ਵੱਲੋਂ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਇੱਕ ਵਿਧਵਾ ਮਾਂ ਦੇ ਨੌਜਵਾਨ ਲਾਡਲੇ ਪੁੱਤ ਦੀਆਂ ਅੰਤਿਮ ਰਸਮਾਂ ਉਹ ਆਪਣੇ ਹੱਥੀਂ ਕਰ ਸਕੇ ਹਨ।
ਇਸ ਦੌਰਾਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਨਵਜੀਤ ਸਿੰਘ ਘਈ,ਸ਼ਿਸ਼ਪਾਲ ਸਿੰਘ ਲਾਡੀ ਨੇ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਖਾੜੀ ਦੇਸ਼ਾਂ ਅੰਦਰ ਕੰਮ ਕਰਨ ਵਾਲੇ ਲੋਕਾਂ ਦੀ ਹਰੇਕ ਮੁਸ਼ਕਿਲ ਘੜੀ ‘ਚ ਵੱਡੀ ਮਦਦ ਕੀਤੀ ਜਾਂਦੀ ਹੈ,ਜਿਸ ਦੇ ਤਹਿਤ ਹੀ ਬੀਤੀ ਰਾਤ ਡਾ.ਓਬਰਾਏ ਨੇ ਅੰਤਿਮ ਰਸਮਾਂ ਲਈ ਮਨਦੀਪ ਦਾ ਮਿ੍ਤਕ ਸਰੀਰ ਦੁਬਈ ਤੋਂ ਪੰਜਾਬ ਭੇਜਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਦੇਸ਼ਾਂ ਤੋਂ 178 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਅਤੇ ਮਿ੍ਤਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਘਰ ਗੁਜ਼ਾਰੇ ਲਈ ਟਰੱਸਟ ਵੱਲੋਂ ਮਹੀਨੇਵਾਰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਆਉਂਦੇ 10 ਦਿਨਾਂ ਦੇ ਅੰਦਰ 6 ਹੋਰ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਵੀ ਪੰਜਾਬ ਭੇਜੇ ਜਾ ਰਹੇ ਹਨ,ਜਿੰਨ੍ਹਾਂ ਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮਨਦੀਪ ਦੀ ਮ੍ਰਿਤਕ ਦੇਹ ਭਾਰਤ ਭੇਜਣ ‘ਚ ਡਾ. ਉਬਰਾਏ ਤੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਅਤੇ ਭਾਰਤੀ ਦੂਤਾਵਾਸ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।


Share