ਡਾ.ਓਬਰਾਏ ਦੇ ਉਪਰਾਲੇ ਸਦਕਾ ਏਅਰਪੋਰਟ ਅਥਾਰਟੀ ਨੂੰ ਮਿਲੀ ਵੱਡੀ ਸਹੂਲਤ : ਡਾਇਰੈਕਟਰ ਏਅਰਪੋਰਟ

44
ਏਅਰਪੋਰਟ ਡਾਇਰੈਕਟਰ ਮਨੋਜ ਜਸੋਰੀਆ ਨੂੰ ਪੀ.ਪੀ.ਈ.ਕਿੱਟਾਂ ਤੇ ਹੋਰ ਸਮਾਨ ਦੇਣ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਸੁਖਦੀਪ ਸਿੱਧੂ,ਨਵਜੀਤ ਘਈ,ਸ਼ਿਸ਼ਪਾਲ ਲਾਡੀ ਨਾਲ ਕਮਾਂਡੈਂਟ ਧਰਮਵੀਰ ਯਾਦਵ।
Share

ਟਰੱਸਟ ਵੱਲੋਂ ਚਲਾਏ ਜਾ ਰਹੇ ਸਾਰੇ ਸੇਵਾ ਕਾਰਜ ਰਹਿਣਗੇ ਨਿਰੰਤਰ ਜਾਰੀ :

ਅੰਮ੍ਰਿਤਸਰ, 22 ਮਈ (ਪੰਜਾਬ ਮੇਲ)- ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਆਪਣੇ ਵਿਲੱਖਣ ਤੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਨਿਵੇਕਲੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟ ਅਥਾਰਟੀ ਨੂੰ ਉਸ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ
200 ਪੀ.ਪੀ.ਈ.ਕਿੱਟਾਂ,75 ਐੱਨ-95 ਮਾਸਕ,4 ਇਨਫਰਾਰੈੱਡ ਥਰਮਾਮੀਟਰ,75 ਫ਼ੇਸ ਸ਼ੀਲਡ,120 ਬੋਤਲਾਂ ਸੈਨੀਟਾਇਜ਼ਰ ਅਤੇ 4 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਦਿੱਤੇ ਗਏ।
ਟਰੱਸਟ ਵੱਲੋਂ ਭੇਜਿਆ ਸਾਮਾਨ ਪ੍ਰਾਪਤ ਕਰਨ ਮੌਕੇ ਗੱਲਬਾਤ ਕਰਦਿਆਂ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਮਨੋਜ ਜਸੋਰੀਆ ਅਤੇ ਸੀ.ਆਈ.ਐੱਸ. ਐੱਫ. ਦੇ ਕਮਾਂਡੈਂਟ ਧਰਮਵੀਰ ਯਾਦਵ ਨੇ ਸਰਬੱਤ ਦਾ ਭਲਾ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਏਅਰਪੋਰਟ ਅਥਾਰਟੀ ਨੂੰ ਦਿੱਤੀਆਂ ਗਈਆਂ ਪੀ.ਪੀ.ਈ. ਕਿੱਟਾਂ,ਐੱਨ-95 ਮਾਸਕ,ਇਨਫਰਾਰੈੱਡ ਥਰਮਾਮੀਟਰ,ਫ਼ੇਸ ਸ਼ੀਲਡਾਂ,ਸੈਨੀਟਾਇਜ਼ਰ ਅਤੇ ਸਰਜੀਕਲ ਮਾਸਕ ਆਦਿ ਸਾਮਾਨ ਦੀ ਬਦੌਲਤ ਵਿਸ਼ੇਸ਼ ਜਹਾਜ਼ਾਂ ਰਾਹੀਂ ਹੋਰਨਾਂ ਦੇਸ਼ਾਂ ਨੂੰ ਜਾ ਰਹੇ ਵਿਦੇਸ਼ੀ ਨਾਗਰਿਕਾਂ ਅਤੇ ਵਤਨ ਪਰਤ ਰਹੇ ਭਾਰਤੀ ਨਾਗਰਿਕਾਂ ਦੀ ਜਾਂਚ,ਸੁਰੱਖਿਆ ਅਤੇ ਹੋਰ ਸਹੂਲਤਾਂ ਲਈ ਏਅਰਪੋਰਟ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਕਈ ਕਰਮਚਾਰੀਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਇਆ ਜਾ ਸਕੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਮੀਡੀਆ ਸਲਾਹਕਾਰ ਰਵਿੰਦਰ ਸਿੰਘ ਰੌਬਿਨ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਵਿਸ਼ੇਸ਼ ਉਡਾਣਾਂ ਰਾਹੀਂ ਦੂਸਰੇ ਦੇਸ਼ਾਂ ਨੂੰ ਜਾਣ ਅਤੇ ਆਉਣ ਵਾਲੇ ਯਾਤਰੀਆਂ ਦੀ ਹਰੇਕ ਤਰ੍ਹਾਂ ਦੀ ਸਹੂਲਤ ‘ਚ ਜੁਟੇ ਏਅਰਪੋਰਟ ਅਥਾਰਟੀ ਦੇ ਕਰਮਚਾਰੀਆਂ ਲਈ ਟਰੱਸਟ ਕੋਲੋਂ ਸਿਹਤ ਸੁਰੱਖਿਆ ਨਾਲ ਸਬੰਧਤ ਸਾਮਾਨ ਦੀ ਮੰਗ ਕੀਤੀ ਗਈ ਸੀ,ਜਿਸ ਤਹਿਤ ਅੱਜ ਟਰੱਸਟ ਵੱਲੋਂ ਏਅਰਪੋਰਟ ਅਥਾਰਟੀ ਨੂੰ 200 ਪੀ.ਪੀ.ਈ.ਕਿੱਟਾਂ,75 ਐੱਨ-95 ਮਾਸਕ,4 ਇਨਫਰਾਰੈੱਡ ਥਰਮਾਮੀਟਰ,75 ਫ਼ੇਸ ਸ਼ੀਲਡ,120 ਬੋਤਲਾਂ ਸੈਨੀਟਾਇਜ਼ਰ ਅਤੇ 4 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਆਦਿ ਸਮਾਨ ਸੌਂਪ ਦਿੱਤਾ ਗਿਆ ਹੈ।
ਟਰੱਸਟ ਦੇ ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਏਅਰਪੋਰਟ ਅਥਾਰਟੀ ਤੋਂ ਇਲਾਵਾ ਐਸ.ਐਸ.ਪੀ.ਦਿਹਾਤੀ ਵਿਕਰਮਜੀਤ ਦੁੱਗਲ ਨੂੰ ਲੋੜੀਂਦਾ ਸਮਾਨ ਦੇਣ ਤੋਂ ਇਲਾਵਾ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਨੂੰ ਵੀ ਲੋੜੀਂਦੀਆਂ 50 ਪੀ.ਪੀ.ਈ.ਕਿੱਟਾਂ,ਇਨਫਰਾਰੈੱਡ ਥਰਮਾਮੀਟਰ ਤੇ 25 ਫੇਸ ਸ਼ੀਲਡਾਂ ਅੱਜ ਹੀ ਪੁੱਜਦਾ ਕਰ ਦਿੱਤੀਆਂ ਗਈਆਂ ਹਨ ਜਦ ਕਿ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ.ਸੁਖਚੈਨ ਸਿੰਘ ਗਿੱਲ ਹੁਰਾਂ ਨੂੰ ਲੋੜੀਂਦਾ ਸਮਾਨ ਕੱਲ੍ਹ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਵੱਲੋਂ ਇਹ ਐਲਾਨ ਕੀਤਾ ਹੈ ਕਿ ਕਿਸੇ ਵੀ ਜਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਟਰੱਸਟ ਵੱਲੋਂ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਟਰੱਸਟ ਵੱਲੋਂ ਕੀਤੇ ਜਾ ਰਹੇ ਸਾਰੇ ਸੇਵਾ ਕਾਰਜ ਉਨ੍ਹਾਂ ਚਿਰ ਤੱਕ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ। ਇਸ ਮੌਕੇ ਅਜੇਪਾਲ ਸਿੰਘ ਸੋਹਲ ਵੀ ਉਚੇਚੇ ਤੌਰ ਤੇ ਮੌਜੂਦ ਸਨ।

 


Share