ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੁਬਈ ’ਚ ਫਸੀਆਂ ਬੇਵੱਸ 12 ਕੁੜੀਆਂ ਨੂੰ ਸੁਰੱਖਿਅਤ ਵਤਨ ਲਿਆਂਦਾ

112
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ।
Share

ਅੰਮਿ੍ਰਤਸਰ, 22 ਜਨਵਰੀ (ਪੰਜਾਬ ਮੇਲ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐਸ.ਪੀ.ਸਿੰਘ ਓਬਰਾਏ ਨੇ ਇਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ ਭਾਰਤ ਤੋਂ ਰੋਜ਼ੀ-ਰੋਟੀ ਕਮਾਉਣ ਦੁਬਈ ਗਈਆਂ ਅਤੇ ਉੱਥੇ ਗ਼ੁਲਾਮ ਬਣਾ ਦਿੱਤੀਆਂ ਗਈਆਂ 12 ਬੇਵੱਸ ਕੁੜੀਆਂ ਦੇ ਸਿਰਾਂ ’ਤੇ ਹੱਥ ਰੱਖਦਿਆਂ ਆਪਣੀ ਜੇਬ੍ਹ ’ਚੋਂ ਲੱਖਾਂ ਰੁਪਏ ਖ਼ਰਚ ਕੇ ਉਨ੍ਹਾਂ ’ਚੋਂ 11 ਨੂੰ ਸੁਰੱਖਿਅਤ ਵਾਪਸ ਵਤਨ ਪੁੱਜਦਾ ਕੀਤਾ ਹੈ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਇਹ ਧੀਆਂ ਜਦੋਂ ਹਵਾਈ ਅੱਡੇ ’ਤੇ ਅਰਸੇ ਬਾਅਦ ਮੁੜ ਆਪਣੇ ਮਾਪਿਆਂ ਦੇ ਗਲ਼ ਲੱਗ ਰੋਈਆਂ ਤਾਂ ਇਕ ਵਾਰ ਇੰਝ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ। ਉੱਥੇ ਮੌਜੂਦ ਹਰ ਅੱਖ ਨਮ ਸੀ। ਇਨ੍ਹਾਂ 11 ਕੁੜੀਆਂ ਵਿਚੋਂ ਤਿੰਨ ਕੁੜੀਆਂ 20 ਜਨਵਰੀ ਨੂੰ ਜਹਾਜ਼ ਰਾਹੀਂ ਕੋਲਕਾਤਾ ਅਤੇ ਪਟਨਾ ਸਥਿਤ ਆਪਣੇ ਘਰਾਂ ’ਚ ਪੁੱਜ ਗਈਆਂ ਸਨ, ਜਦਕਿ ਪੰਜਾਬ ਨਾਲ ਸਬੰਧਤ ਬਾਕੀ 9 ਵਿਚੋਂ 8 ਕੁੜੀਆਂ ਅੱਜ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ’ਤੋਂ ਆਈ ਉਡਾਣ ਰਾਹੀਂ ਸੁਰੱਖਿਅਤ ਵਾਪਸ ਆਪਣੇ ਮਾਪਿਆਂ ਕੋਲ ਪੁੱਜ ਗਈਆਂ ਹਨ ਅਤੇ ਇਕ ਕੁੜੀ ਨੂੰ ਅਚਾਨਕ ਆਈ ਸਿਹਤ ਸਮੱਸਿਆ ਕਾਰਨ ਕੁੱਝ ਦਿਨ ਬਾਅਦ ਪਹੁੰਚੇਗੀ।
ਇਸ ਦੌਰਾਨ ਹਵਾਈ ਅੱਡੇ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਖ਼ੁਦ ਇਨ੍ਹਾਂ ਕੁੜੀਆਂ ਦਾ ਸਵਾਗਤ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਥਿਕ ਮਜਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ ’ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਨੂੰ ਅਰਬ ਦੇਸ਼ਾਂ ’ਚ ਨੌਕਰੀ ਲਈ ਭੇਜ ਦਿੰਦੇ ਹਨ ਪਰ ਬਦਕਿਸਮਤੀ ਨਾਲ ਉੱਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਕੁੜੀਆਂ ਨੂੰ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ, ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਕੁੜੀਆਂ ਨੂੰ ਲੀਗਲ ਕਰਾਉਣ ਉਪਰੰਤ ਇਨ੍ਹਾਂ ਕੋਲੋਂ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ। ਜਿਸ ਕਾਰਨ ਬਹੁਤ ਸਾਰੀਆਂ ਕੁੜੀਆਂ ਦੀ ਸਿਹਤ ਵੀ ਖ਼ਰਾਬ ਹੋ ਜਾਂਦੀ ਹੈ ਪਰ ਇਨ੍ਹਾਂ ਲਈ ਉੱਥੋਂ ਨਿਕਲਣਾ ਬਹੁਤ ਔਖਾ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਅਜਿਹੀਆਂ ਬਹੁਤ ਸਾਰੀਆਂ ਕੁੜੀਆਂ ਮਸਕਟ, ਸ਼ਾਰਜਾਹ ਰਾਸਲਖੇਮੇ ਅਤੇ ਦੁਬਈ ਅੰਦਰ ਫ਼ਸੀਆਂ ਹੋਈਆਂ ਹਨ, ਜੋ ਆਪਣੇ ਖਰੀਦਦਾਰਾਂ ਕੋਲੋਂ ਬਹੁਤ ਤੰਗ ਹਨ ਅਤੇ ਉਥੋਂ ਹਰ ਹਾਲਤ ਛੁੱਟ ਕੇ ਆਪਣੇ ਘਰ ਵਾਪਸ ਆਉਣਾ ਚਾਹੁੰਦੀਆਂ ਹਨ। ਡਾ.ਓਬਰਾਏ ਨੇ ਦੱਸਿਆ ਕਿ ਅੱਜ ਪੁੱਜੀਆਂ ਕੁੜੀਆਂ ਨੇ ਉਨ੍ਹਾਂ ਨੂੰ ਫੋਨ ’ਤੇ ਰੋਂਦਿਆਂ ਆਪਣੇ ਮਾੜੇ ਹਾਲਾਤ ਬਾਰੇ ਦੱਸਕੇ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਲੜਕੀਆਂ ਦੇ ਖ਼ਰੀਦਦਾਰਾਂ ਨੂੰ ਆਪਣੇ ਪੱਲਿਉਂ ਇਨ੍ਹਾਂ ਦੇ ਬਣਦੇ ਪੈਸੇ ਵਾਪਸ ਕਰਨ ਤੋਂ ਇਲਾਵਾ ਇਮੀਗ੍ਰੇਸ਼ਨ ਤੇ ਓਵਰ ਸਟੇਅ ਆਦਿ ਦੇ ਹੋਰ ਖਰਚੇ ਭਰਨ ਦੇ ਨਾਲ-ਨਾਲ ਵਾਪਸ ਲੈ ਕੇ ਆਉਣ ਲਈ ਹਵਾਈ ਟਿਕਟਾਂ ਦਾ ਵੀ ਪ੍ਰਬੰਧ ਕੀਤਾ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਇਕ ਕੁੜੀ ਨੂੰ ਵਾਪਸ ਲੈ ਕੇ ਆਉਣ ਲਈ ਡੇਢ ਲੱਖ ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਇਸ ਵੇਲੇ ਵੀ ਅਰਬ ਦੇਸ਼ਾਂ ਅੰਦਰ ਕਰੀਬ 200 ਕੁੜੀਆਂ ਹੋਰ ਵੀ ਫਸੀਆਂ ਹੋਈਆਂ ਹਨ। ਅੱਜ ਆਈਆਂ 11 ਕੁੜੀਆਂ ਤੋਂ ਇਲਾਵਾ ਉਹ ਪਹਿਲਾਂ ਵੀ 7 ਕੁੜੀਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬਾਕੀ ਬਚਦੀਆਂ ਕੁੜੀਆਂ ਨੂੰ ਵੀ ਜਲਦ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਸਰਬੱਤ ਦੇ ਭਲੇ ਦੇ ਸੰਕਲਪ ’ਤੇ ਪਹਿਰਾ ਦਿੰਦਿਆਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀਆਂ ਕੁੜੀਆਂ ਨੂੰ ਵੀ ਆਪਣੀਆਂ ਹੀ ਧੀਆਂ ਸਮਝ ਕੇ ਮੁਸ਼ਕਿਲਾਂ ’ਚੋਂ ਕੱਢ ਕੇ ਵਾਪਸ ਮਾਪਿਆਂ ਨੂੰ ਸੌਂਪਿਆ ਜਾ ਰਿਹਾ ਹੈ।

Share