ਡਾ. ਐੱਸ.ਪੀ. ਸਿੰਘ ਓਬਰਾਏ ਦੇ ਯੋਗ ਉਪਰਾਲੇ ਸਦਕਾ ਸਬ-ਜੇਲ ਪੱਟੀ ’ਚ ਖੋਲ੍ਹੇਗੀ ਲਾਇਬ੍ਰੇਰੀ

205
Share

ਪੱਟੀ, 9 ਜੂਨ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਸਬ-ਜੇਲ੍ਹ ਪੱਟੀ ਵਿਖੇ ਕੈਦੀਆਂ ਲਈ ਵੱਡੀ ਗਿਣਤੀ ’ਚ ਮਾਸਕ, ਸੈਨੇਟਾਈਜ਼ਰ ਅਤੇ ਭਾਰੀ ਮਾਤਰਾ ’ਚ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸਬ-ਜੇਲ੍ਹ ਪੱਟੀ ਦੇ ਸੁਪਰਡੈਂਟ ਜਤਿੰਦਰ ਪਾਲ ਸਿੰਘ ਨੂੰ ਕੈਦੀਆਂ ਲਈ ਮੈਡੀਕਲ ਸਮੱਗਰੀ ਭੇਟ ਕਰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪਿ੍ਰੰਸ ਧੁੰਨਾ ਨੇ ਦੱਸਿਆ ਕਿ ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਇਸ ਸੇਵਾ ਤਹਿਤ ਬੈਂਕਾਂ, ਸਰਕਾਰੀ, ਪ੍ਰਾਈਵੇਟ ਦਫ਼ਤਰਾਂ, ਫੀਲਡ ’ਚ ਕੰਮ ਕਰਨ ਵਾਲੇ ਪੱਤਰਕਾਰਾਂ ਆਦਿ ਨੂੰ ਮਾਸਕ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸੇ ਲੜੀ ਤਹਿਤ ਸਬ-ਜੇਲ੍ਹ ਪੱਟੀ ਵਿਖੇ ਮੰਗ ਅਨੁਸਾਰ ਮਾਸਕ, ਸੈਨੇਟਾਈਜ਼ਰ ਅਤੇ ਕੋਰੋਨਾ ਤੋਂ ਬਚਾਅ ਲਈ ਦਵਾਈਆਂ ਟਰੱਸਟ ਵੱਲੋਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜੇਲ੍ਹ ਸੁਪਰਡੈਂਟ ਵੱਲੋਂ ਕੈਦੀਆਂ ਲਈ ਜੇਲ੍ਹ ਅੰਦਰ ਲਾਇਬ੍ਰੇਰੀ ਖੋਲ੍ਹਣ ਦੀ ਓਬਰਾਏ ਪਾਸੋਂ ਮੰਗ ਕੀਤੀ ਗਈ ਸੀ, ਜਿਸ ਨੂੰ ਤਰੁੰਤ ਪੂਰਾ ਕਰਦਿਆਂ ਓਬਰਾਏ ਨੇ ਜ਼ਿਲ੍ਹਾ ਟੀਮ ਨੂੰ ਜੇਲ੍ਹ ਅੰਦਰ ਲਾਇਬ੍ਰੇਰੀ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਹਨ। ਅਗਲੇ ਹਫ਼ਤੇ ਜੇਲ੍ਹ ’ਚ ਲਾਇਬ੍ਰੇਰੀ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਜ਼ਿਲ੍ਹਾ ਖਜ਼ਾਨਚੀ ਇੰਦਰਪ੍ਰੀਤ ਸਿੰਘ ਧਾਮੀ, ਪ੍ਰੈੱਸ ਸਕੱਤਰ ਕੇ.ਪੀ. ਗਿੱਲ, ਵਿਸ਼ਾਲ ਸੂਦ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Share