ਡਰੱਗ ਰੈਕੇਟ ਨਾਲ ਜੁੜਿਆ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਦਾ ਨਾਂ

ਥਾਨੇ, 18 ਜੂਨ (ਪੰਜਾਬ ਮੇਲ) – ਪੁਲੀਸ ਨੇ ਨਸ਼ਿਆਂ ਦੇ ਵਪਾਰੀ ਵਿਕੀ ਗੋਸਵਾਮੀ ਨਾਲ ਸਬੰਧਤ ਬਹੁ ਕਰੋੜੀ ਡਰੱਗ ਰੈਕੇਟ ਵਿੱਚ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਹੈ। ਮੁੰਬਈ ਪੁਲੀਸ ਦਾ ਦਾਅਵਾ ਹੈ ਕਿ ਮਮਤਾ ਕੁਲਕਰਨੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ। ਉਸ ਨੂੰ ਇਸ ਕੇਸ ਵਿੱਚ ਅਹਿਮ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਥਾਨੇ ਦੇ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ ਕਿ ਬਹੁ-ਕਰੋੜੀ ਡਰੱਗ ਕੇਸ ਵਿੱਚ ਫੜੇ ਜੋੜੇ ਅਤੇ ਅਮਰੀਕਾ ਦੀ ਡਰੱਗ ਐਨਫੋਰਸਮੈਂਟ ਏਜੰਸੀ ਤੋਂ ਮਿਲੀ ਸੂਚਨਾ ਤੋਂ ਪਤਾ ਲੱਗਿਆ ਹੈ ਕਿ ਕੁਲਕਰਨੀ ਇਸ ਕੇਸ ਦੀ ਅਹਿਮ ਸੂਤਰਧਾਰ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕੁਲਕਰਨੀ ਤੇ ਗੋਸਵਾਮੀ ਨੂੰ ਭਾਰਤ ਲਿਆਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੂੰ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਕੁਲਕਰਨੀ ਡਰੱਗ ਰੈਕੇਟ ਨਾਲ ਸਰਗਰਮੀ ਨਾਲ ਜੁੜੀ ਹੋਈ ਸੀ। ਦੱਸਣਯੋਗ ਹੈ ਕਿ ਪੁਲੀਸ ਨੇ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਏਵਨ ਲਾਈਫਸਾਇੰਸਜ਼ ਲਿਮਟਿਡ ਦੇ ਕੰਪਲੈਕਸ ਵਿੱਚ ਛਾਪਾ ਮਾਰ ਕੇ ਕਰੀਬ 2 ਹਜ਼ਾਰ ਕਰੋੜ ਨਸ਼ੀਲਾ ਪਦਾਰਥ (ਅਫੈਡਰਿਨ) ਬਰਾਮਦ ਕੀਤਾ ਸੀ, ਉਦੋਂ ਨਸ਼ਿਆਂ ਦੇ ਇਸ ਕਾਰੋਬਾਰ ਦਾ ਖੁਲਾਸਾ ਹੋਇਆ ਸੀ। ਇਸ ਕੇਸ ਵਿੱਚ ਹੁਣ ਤੱਕ 17 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 10 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਹੁਣ ਨਿਆਂਇਕ ਹਿਰਾਸਤ ਵਿੱਚ ਹਨ। -ਪੀਟੀਆਈ
There are no comments at the moment, do you want to add one?
Write a comment