ਸ਼ਰੂਤੀ ਮੋਦੀ ਦੇ ਵਕੀਲ ਦਾ ਦਾਅਵਾ
ਮੁੰਬਈ, 1 ਸਤੰਬਰ, (ਪੰਜਾਬ ਮੇਲ) – ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਰੋਜ਼ਾਨਾ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਦੇ ਵਕੀਲ ਨੇ ਇਹ ਬਿਆਨ ਦੇ ਕੇ ਹੈਰਾਨ ਕਰ ਦਿੱਤਾ ਕਿ ਸੁਸ਼ਾਂਤ ਦੀਆਂ ਭੈਣਾਂ ਵੀ ਡਰੱਗਜ਼ ਪਾਰਟੀ ‘ਚ ਸ਼ਾਮਲ ਹੋਈਆਂ ਸਨ। ਇਸ ਮਾਮਲੇ ‘ਚ ਅਜਿਹੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਜ਼ਬਰਦਸਤੀ ਡਰੱਗ ਦਿੱਤੀ ਜਾ ਰਹੀ ਸੀ ਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੀਆ ਚੱਕਰਵਰਤੀ ਵੀ ਉਨ੍ਹਾਂ ਨਾਲ ਡਰੱਗ ਲੈਂਦੀ ਸੀ। ਸੁਸ਼ਾਂਤ ਰਾਜਪੂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਦੇ ਵਕੀਲ ਅਸ਼ੋਕ ਸਰਾਵਗੀ ਦੇ ਬਿਆਨ ਨਾਲ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਸਰਾਵਗੀ ਨੇ ਕਿਹਾ, ‘ਸੁਸ਼ਾਂਤ ਦੀਆਂ ਭੈਣਾਂ ਵੀ ਉਨ੍ਹਾਂ ਪਾਰਟੀਆਂ ‘ਚ ਸ਼ਾਮਲ ਹੁੰਦੀਆਂ ਸਨ, ਜਿੱਥੇ ਡਰੱਗਜ ਲਈ ਜਾਂਦੀ ਸੀ। ਅਜਿਹੀਆਂ ਘੱਟੋ-ਘੱਟ ਤਿੰਨ ਪਾਰਟੀਆਂ ‘ਚ ਸੁਸ਼ਾਂਤ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ। ਉਨ੍ਹਾਂ ਦੀ ਇਕ ਭੈਣ ਮੁੰਬਈ ‘ਚ ਰਹਿੰਦੀ ਹੈ ਉਹ ਸ਼ਰਾਬ ਦਾ ਸੇਵਨ ਕਰਦੀ ਹੈ। ਉਹ ਅਜਿਹੀਆਂ ਕਈ ਪਾਰਟੀਆਂ ‘ਚ ਸ਼ਾਮਲ ਹੋਈ ਸੀ, ਜਿੱਥੇ ਡਰੱਗ ਦਾ ਸੇਵਨ ਹੋਇਆ ਸੀ।’