ਡਬਲਯੂ.ਟੀ.ਓ. ‘ਚ ਯੂਰਪੀਅਨ ਯੂਨੀਅਨ ਨਾਲ ਚੱਲ ਰਹੇ ਵਿਵਾਦ ‘ਚ ਚੀਨ ਨੂੰ ਮਿਲੀ ਕਰਾਰੀ ਹਾਰ

322
Share

ਜਿਨੇਵਾ, 22 ਜੂਨ (ਪੰਜਾਬ ਮੇਲ)- ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ‘ਚ ਯੂਰਪੀਅਨ ਯੂਨੀਅਨ (ਈਯੂ) ਨਾਲ ਚੱਲ ਰਹੇ ਵਿਵਾਦ ‘ਚ ਚੀਨ ਦੀ ਕਮਿਊਨਿਸਟ ਪਾਰਟੀ (ਸੀ.ਸੀ.ਪੀ.) ਨੂੰ ਕਰਾਰੀ ਹਾਰ ਮਿਲੀ ਹੈ। ਇਸ ਨਾਲ ਚੀਨ ਦਾ ਬਾਜ਼ਾਰ ਆਧਾਰਿਤ ਆਰਥਿਕ ਸਥਿਤੀ ਦੇ ਦਰਜੇ ਦਾ ਅੰਤ ਹੋਇਆ ਹੈ। ਸੀ.ਸੀ.ਪੀ. ਪਿਛਲੇ ਚਾਰ ਸਾਲਾਂ ਤੋਂ ਯੂਰਪੀਅਨ ਯੂਨੀਅਨ ਉੱਤੇ ਚੀਨ ਨੂੰ ਬਾਜ਼ਾਰ ਆਧਾਰਿਤ ਅਰਥਚਾਰੇ ਵਜੋਂ ਸਵੀਕਾਰ ਕਰਨ ਲਈ ਦਬਾਅ ਬਣਾ ਰਹੀ ਸੀ। ਜ਼ਿਕਰਯੋਗ ਹੈ ਕਿ ਚੀਨ ਇਹ ਮਾਮਲਾ ਪਿਛਲੇ ਸਾਲ ਹੀ ਆਰਜ਼ੀ ਫੈਸਲੇ ‘ਚ ਹਾਰ ਗਿਆ ਸੀ।
ਯੂਰਪੀਅਨ ਯੂਨੀਅਨ ਨੇ ਦਲੀਲ ਦਿੱਤੀ ਕਿ ਸੀ.ਸੀ.ਪੀ. ਸਟੀਲ ਅਤੇ ਅਲਮੀਨੀਅਮ ਸਮੇਤ ਆਪਣੇ ਬਹੁਤੇ ਉਦਯੋਗਾਂ ਨੂੰ ਵੱਡੀ ਸਬਸਿਡੀ ਦਿੰਦੀ ਹੈ। ਇਸ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਚੀਨੀ ਦੇ ਉਤਪਾਦਾਂ ਦੀਆਂ ਕੀਮਤਾਂ ਤਰਕਸੰਗਤ ਨਹੀਂ ਰਹਿ ਜਾਂਦੀਆਂ। ਹੁਣ ਸੀ.ਸੀ.ਪੀ. ਦੇ ਖਿਲਾਫ ਆਏ ਇਸ ਫੈਸਲੇ ਤੋਂ ਬਾਅਦ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਿਚ ਚੀਨੀ ਉਤਪਾਦਾਂ ਉੱਤੇ ਐਂਟੀ-ਡੰਪਿੰਗ ਡਿਊਟੀ ਦਾ ਵੱਡਾ ਚਾਰਜ ਲਗਾਇਆ ਜਾ ਸਕੇਗਾ। ਇਸ ਨਾਲ ਯੂਰਪ ਅਤੇ ਅਮਰੀਕਾ ਆਪਣੇ ਘਰੇਲੂ ਉਦਯੋਗ ਨੂੰ ਵਧੇਰੇ ਸੁਰੱਖਿਆ ਦੇ ਸਕਣਗੇ। ਦਰਅਸਲ, ਚੀਨ ਆਪਣੇ ਉਤਪਾਦਾਂ ਨੂੰ ਬਹੁਤ ਘੱਟ ਕੀਮਤਾਂ ‘ਤੇ ਦੂਜੇ ਦੇਸ਼ਾਂ ਵਿਚ ਭੇਜਦਾ ਹੈ। ਇਸ ਨਾਲ ਦਰਾਮਦ ਕਰਨ ਵਾਲੇ ਦੇਸ਼ ਦੀ ਆਰਥਿਕਤਾ ਅਤੇ ਸਥਾਨਕ ਵਪਾਰੀਆਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਬਲਯੂ.ਟੀ.ਓ. ਨੂੰ ਚਿਤਾਵਨੀ ਦਿੱਤੀ ਕਿ ਚੀਨ ਘੱਟ ਕੀਮਤ ‘ਤੇ ਆਪਣੇ ਉਤਪਾਦਾਂ ਨੂੰ ਵੇਚਣ ਤੋਂ ਬਾਅਦ ਮਾਰਕੀਟ ‘ਤੇ ਕਬਜ਼ਾ ਕਰ ਲੈਂਦਾ ਹੈ। ਉਸ ਤੋਂ ਬਾਅਦ ਆਪਣੇ ਉਤਪਾਦਾਂ ਦੀ ਕੀਮਤ ਨੂੰ ਵਧਾ ਦਿੰਦਾ ਹੈ। ਹੁਣ ਇਸ ਫੈਸਲੇ ਤੋਂ ਬਾਅਦ ਉਸ ਦੇ ਉਤਪਾਦਾਂ ਉੱਤੇ ਐਂਟੀ-ਡੰਪਿੰਗ ਡਿਊਟੀ ਲਗਾ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕੇਗਾ।
ਯੂ.ਐੱਸ. ਦੇ ਕਾਰੋਬਾਰੀ ਨੁਮਾਇੰਦੇ ਰਾਬਰਟ ਲਾਈਟਜ਼ਰ ਨੇ ਕਿਹਾ ਕਿ ਡਬਲਯੂ.ਟੀ.ਓ. ਵਿਚ ਚੱਲ ਰਿਹਾ ਇਹ ਸਭ ਤੋਂ ਗੰਭੀਰ ਵਿਵਾਦ ਸੀ। ਉਸ ਨੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਡਬਲਯੂ.ਟੀ.ਓ. ਨੂੰ ਕਿਹਾ ਸੀ ਕਿ ਇਸ ਮਾਮਲੇ ਦੀ ਸਥਿਤੀ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਡਬਲਯੂ.ਟੀ.ਓ. ਨੇ ਸਹੀ ਫੈਸਲਾ ਨਾ ਦਿੱਤਾ, ਤਾਂ ਅਮਰੀਕਾ ਡਬਲਯੂ.ਟੀ.ਓ. ਤੋਂ ਬਾਹਰ ਆ ਜਾਵੇਗਾ।
ਮਾਮਲੇ ਤੋਂ ਜਾਣੂ ਇਕ ਅਧਿਕਾਰੀ ਨੇ ਦੱਸਿਆ ਕਿ ਚੀਨ ਨੂੰ ਇਸ ਫੈਸਲੇ ਨਾਲ ਭਾਰੀ ਨੁਕਸਾਨ ਹੋਵੇਗਾ। ਇਹ ਫੈਸਲਾ ਉਸ ਲਈ ਇਕ ਇਤਿਹਾਸਕ ਹਾਰ ਸਾਬਤ ਹੋਵੇਗੀ।


Share