ਡਬਲਯੂ.ਐੱਚ.ਓ. ਨੇ ਰੂਸ ਨੂੰ ਵੈਕਸੀਨ ਦੇ ਮਾਮਲੇ ‘ਚ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ

73
Share

-ਡਬਲਯੂ.ਐੱਚ.ਓ. ਨੂੰ ਵੈਕਸੀਨ ਦੇ ਤੀਜੇ ਪੜਾਅ ਦੀ ਟੈਸਟਿੰਗ ਨੂੰ ਲੈ ਕੇ ਸ਼ੱਕ
ਮਾਸਕੋ, 12 ਅਗਸਤ (ਪੰਜਾਬ ਮੇਲ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ, ‘ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਦੇਸ਼ ‘ਚ ਰਜਿਸਟਰਡ ਵੀ ਕਰਾ ਲਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਧੀ ਨੂੰ ਪਹਿਲੀ ਵੈਕਸੀਨ ਲੁਆਈ ਗਈ ਹੈ ਅਤੇ ਉਹ ਬਿਲਕੁੱਲ ਠੀਕ ਹੈ।’ ਹਾਲਾਂਕਿ ਹੁਣ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਰੂਸ ਨੂੰ ਵੈਕਸੀਨ ਦੇ ਮਾਮਲੇ ਵਿਚ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ ਹੈ ਅਤੇ ਉਸ ਦੇ ਇਸ ਰਵੱਈਏ ਨੂੰ ਖ਼ਤਰਨਾਕ ਵੀ ਦੱਸਿਆ ਹੈ। ਡਬਲਯੂ.ਐੱਚ.ਓ. ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਅਜੇ ਤੱਕ ਰੂਸ ਵੱਲੋਂ ਵਿਕਸਿਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੀ ਕੋਈ ਜਾਣਕਾਰੀ ਨਹੀਂ ਹੈ।
ਰੂਸ ਨੇ ਵੈਕਸੀਨ ਦਾ ਨਾਮ ਆਪਣੇ ਪਹਿਲਾਂ ਸੈਟੇਲਾਈਟ ‘ਸਪੁਤਨਿਕ ਵੀ’ ਦੇ ਨਾਮ ‘ਤੇ ਰੱਖਿਆ ਹੈ। ਰੂਸੀ ਆਟੋਨੋਮਸ ਵੈਲਥ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਲਈ 1 ਅਰਬ ਡੋਜ ਲਈ ਉਨ੍ਹਾਂ ਨੂੰ 20 ਤੋਂ ਜ਼ਿਆਦਾ ਦੇਸ਼ਾਂ ਤੋਂ ਬੇਨਤੀ ਮਿਲ ਚੁੱਕੀ ਹੈ। ਉੱਧਰ ਡਬਲਯੂ.ਐੱਚ.ਓ. ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ ਨਾਲ ਵੈਕਸੀਨ ਅਤੇ ਟੈਸਟਿੰਗ ਦੀ ਪ੍ਰਕਿਰਿਆ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਹੀ ਨਹੀਂ ਕੀਤੀ ਹੈ। ਡਬਲਯੂ.ਐੱਚ.ਓ. ਨੂੰ ਇਸ ਵੈਕਸੀਨ ਦੇ ਤੀਜੇ ਪੜਾਅ ਦੀ ਟੈਸਟਿੰਗ ਨੂੰ ਲੈ ਕੇ ਸ਼ੱਕ ਹੈ। ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮਿਅਰ ਨੇ ਪ੍ਰੈਸ ਬਰੀਫਿੰਗ ਦੌਰਾਨ ਕਿਹਾ ਕਿ ਜੇਕਰ ਕਿਸੇ ਵੈਕਸੀਨ ਦਾ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਿਨਾਂ ਹੀ ਉਸ ਦੇ ਉਤਪਾਦਨ ਲਈ ਲਾਈਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਖ਼ਤਰਨਾਕ ਮੰਨਣਾ ਹੀ ਪਵੇਗਾ।
ਵਿਸ਼ਵ ਸਿਹਤ ਸੰਗਠਨ ਦੇ ਅਧੀਨ ਆਉਣ ਵਾਲੇ ਪੈਨ-ਅਮੈਰੀਕਨ ਹੈਲਥ ਆਰਗੇਨਾਈਜੇਸ਼ਨ ਦੇ ਸਹਾਇਕ ਨਿਰਦੇਸ਼ਕ ਜਰਬਾਸ ਬਾਰਬੋਸਾ ਨੇ ਕਿਹਾ ਕਿ, ‘ਜਾਣਕਾਰੀ ਮਿਲੀ ਹੈ ਕਿ ਬ੍ਰਾਜ਼ੀਲ ਵੈਕਸੀਨ ਬਣਾਉਣਾ ਸ਼ੁਰੂ ਕਰੇਗਾ ਪਰ ਜਦੋਂ ਤੱਕ ਹੋਰ ਟ੍ਰਾਇਲ ਪੂਰੇ ਨਹੀਂ ਹੋ ਜਾਂਦੇ ਇਹ ਨਹੀਂ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਵਾਲੇ ਕਿਸੇ ਨੂੰ ਵੀ ਇਸ ਪ੍ਰਕਿਰਿਆ ਦਾ ਪਾਲਣ ਕਰਣਾ ਹੈ, ਜੋ ਕਿ ਇਹ ਯਕੀਨੀ ਕਰੇਗਾ ਕਿ ਵੈਕਸੀਨ ਸੁਰੱਖਿਅਤ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਉਸ ਦੀ ਸਿਫਾਰਿਸ਼ ਕੀਤੀ ਹੈ। ਪਿਛਲੇ ਹਫ਼ਤੇ ਵਿਸ਼ਵ ਸਿਹਤ ਸੰਗਠਨ ਨੇ ਰੂਸ ਨੂੰ ਬੇਨਤੀ ਕੀਤੀ ਸੀ ਕਿ ਉਹ ਕੋਰੋਨਾ ਖ਼ਿਲਾਫ ਵੈਕਸੀਨ ਬਣਾਉਣ ਲਈ ਅੰਤਰਰਾਸ਼ਟਰੀ ਗਾਈਡਲਾਈਨ ਦਾ ਪਾਲਣ ਕਰੇ।


Share