ਟੈਕਸ ਬਿੱਲ ਨੂੰ ਲੈ ਕੇ ਲੋਕ ਸਭਾ ‘ਚ ਵਿਰੋਧੀ ਧਿਰ ਵੱਲੋਂ ਹੰਗਾਮਾ

70
Share

-ਪੀ.ਐੱਮ. ਕੇਅਰਸ ਫੰਡ ‘ਤੇ ਉਠਾਏ ਸਵਾਲ
ਨਵੀਂ ਦਿੱਲੀ, 18 ਸਤੰਬਰ (ਪੰਜਾਬ ਮੇਲ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਕਰਦਾਤਿਆਂ ਨੂੰ ਵੱਖ-ਵੱਖ ਰਾਹਤਾਂ ਦੇਣ ਨਾਲ ਸਬੰਧਤ ਬਿੱਲ ਅੱਜ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਮੌਕੇ ਵਿਰੋਧੀ ਧਿਰ ਵੱਲੋਂ ਖਾਸਾ ਰੌਲਾ ਰੱਪਾ ਪਾਇਆ ਗਿਆ। ਟੈਕਸੇਸ਼ਨ ਅਤੇ ਹੋਰ ਕਾਨੂੰਨ (ਵਿਸ਼ੇਸ਼ ਧਾਰਾਵਾਂ ‘ਚ ਸੋਧ ਅਤੇ ਰਾਹਤ) ਬਿੱਲ, 2020 ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਸੂਬੇ ਦਾ ਹੱਕ ਨਹੀਂ ਖੋਹ ਰਹੀ ਅਤੇ ਜੀਐੱਸਟੀ ਨਾਲ ਜੁੜਿਆ ਰਾਜਾਂ ਦੇ ਹਿੱਸੇ ਦਾ ਪੈਸਾ ਕੇਂਦਰ ਸਰਕਾਰ ਯਕੀਨੀ ਤੌਰ ‘ਤੇ ਦੇਵੇਗੀ। ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੂਬਿਆਂ ਦੇ ਅਧਿਕਾਰ ਖੇਤਰ ‘ਚ ਦਖ਼ਲ ਦੱਸਿਆ। ਉਨ੍ਹਾਂ ਪੀ.ਐੱਮ. ਕੇਅਰਸ ਫੰਡ ‘ਤੇ ਵੀ ਸਵਾਲ ਊਠਾਏ। ਕਾਂਗਰਸ ਦੇ ਸ਼ਸ਼ੀ ਥਰੂਰ, ਅਧੀਰ ਰੰਜਨ ਚੌਧਰੀ ਤੇ ਮਨੀਸ਼ ਤਿਵਾੜੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੌਗਾਤਾ ਰੌਏ ਨੇ ਬਿੱਲ ਪੇਸ਼ ਕਰਨ ਦਾ ਵਿਰੋਧ ਕੀਤਾ।
ਅਨੁਰਾਗ ਠਾਕੁਰ ਦੀ ਟਿੱਪਣੀ ਕਾਰਨ ਲੋਕ ਸਭਾ ਦੀ ਕਾਰਵਾਈ ਚਾਰ ਵਾਰੀ ਹੋਈ ਠੱਪ
ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਪੀ.ਐੱਮ. ਕੇਅਰਸ ਫੰਡ ਬਾਰੇ ਬੋਲਦਿਆਂ ਨਹਿਰੂ-ਗਾਂਧੀ ਪਰਿਵਾਰ ਬਾਰੇ ਕੀਤੀਆਂ ਟਿੱਪਣੀਆਂ ਕਰਕੇ ਲੋਕ ਸਭਾ ਦੀ ਕਾਰਵਾਈ ਨੂੰ ਚਾਰ ਵਾਰ ਮੁਲਤਵੀ ਕਰਨਾ ਪਿਆ। ਪੀ.ਐੱਮ. ਕੌਮੀ ਰਾਹਤ ਫੰਡ ਦਾ ਜ਼ਿਕਰ ਕਰਦਿਆਂ ਠਾਕੁਰ ਨੇ ਕਿਹਾ ਕਿ ਇਹ ਟਰੱਸਟ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਕਾਰਜਕਾਲ ਸਮੇਂ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘ਪੀ.ਐੱਮ. ਕੇਅਰਸ ਫੰਡ ਸੰਵਿਧਾਨਕ ਤੌਰ ‘ਤੇ ਸਥਾਪਤ ਜਨਤਕ ਚੈਰੀਟੇਬਲ ਟਰੱਸਟ ਹੈ, ਜਦਕਿ ਪੀ.ਐੱਮ. ਕੌਮੀ ਰਾਹਤ ਫੰਡ ਸਿਰਫ਼ ਇਕੋ ਪਰਿਵਾਰ ਨਹਿਰੂ-ਗਾਂਧੀ ਦੇ ਲਾਭ ਲਈ ਸਥਾਪਤ ਕੀਤਾ ਗਿਆ ਸੀ।’ ਇਸ ‘ਤੇ ਕਾਂਗਰਸ ਮੈਂਬਰਾਂ ਨੇ ਵਿਰੋਧ ਜਤਾਇਆ। ਵਿਰੋਧੀ ਧਿਰ ਦੇ ਰੌਲੇ-ਰੱਪੇ ਕਰਕੇ ਸਦਨ ਦੀ ਕਾਰਵਾਈ ‘ਚ ਚਾਰ ਵਾਰ ਅੜਿੱਕਾ ਪਿਆ।


Share