ਟੈਕਸਾਸ ’ਚ ਰੇਸਿੰਗ ਈਵੈਂਟ ਦੌਰਾਨ ਦਰਸ਼ਕਾਂ ’ਤੇ ਚੜ੍ਹੀ ਕਾਰ; 2 ਬੱਚਿਆਂ ਦੀ ਮੌਤ

295
ਕੇਰਵਿਲੇ, ਟੈਕਸਾਸ ਵਿਚ ’ਡਰੈਗ ਦੌੜ’ ਦੌਰਾਨ ਹੋਏ ਹਾਦਸੇ ਦੀ ਤਸਵੀਰ।
Share

-8 ਗੰਭੀਰ ਰੂਪ ’ਚ ਹੋਏ ਜ਼ਖਮੀ
ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ/ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕੇਰਵਿਲੇ, ਟੈਕਸਾਸ ਵਿਚ ‘ਡਰੈਗ ਦੌੜ’ ਵਿਚ ਹਿੱਸਾ ਲੈ ਰਹੀ ਇਕ ਗੱਡੀ ਦਾ ਨਿਯੰਤਰਣ ਵਿਗੜਣ ਕਾਰਨ ਦਰਸ਼ਕਾਂ ਉਪਰ ਜਾ ਚੜ੍ਹੀ, ਜਿਸ ਕਾਰਨ 6 ਤੇ 8 ਸਾਲ ਦੇ ਦੋ ਲੜਕਿਆਂ ਦੀ ਮੌਤ ਹੋ ਗਈ ਤੇ 8 ਹੋਰ ਦਰਸ਼ਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ 3 ਮਹੀਨੇ ਦੀ ਬੱਚੀ ਸਮੇਤ ਦੋ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਹੈ। ਇਸ ਦੌੜ ਦਾ ਅਯੋਜਨ ਸੈਨ ਐਂਟੋਨੀਓ ਤੋਂ ਤਕਰੀਬਨ 70 ਮੀਲ ਦੂਰ ਕੇਰਵਿਲੇ-ਕੇਰ ਕਾਊਂਟੀ ਹਵਾਈ ਅੱਡੇ ’ਤੇ ਕੀਤਾ ਗਿਆ ਸੀ। ਕੇਰਵਿਲੇ ਪੁਲਿਸ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਇੱਕ ਦੌੜ ਵਿਚ ਹਿੱਸਾ ਲੈ ਰਹੀ ਇੱਕ ਕਾਰ ਰਨਵੇਅ ਤੋਂ ਬਾਹਰ ਚਲੀ ਗਈ ਅਤੇ ਕਈ ਪਾਰਕ ਕੀਤੇ ਵਾਹਨਾਂ ਅਤੇ ਰੇਸ ਨੂੰ ਵੇਖ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇੱਕ 8 ਸਾਲਾਂ ਅਤੇ 6 ਸਾਲਾਂ ਲੜਕੇ ਦੀ ਮੌਤ ਹੋ ਗਈ। ਕੇਰਵਿਲੇ ਪੁਲਿਸ ਦੇ ਅਨੁਸਾਰ, ਦੋ ਮੌਤਾਂ ਤੋਂ ਇਲਾਵਾ, ਚਾਰ ਲੋਕਾਂ ਨੂੰ ਆਸਟਿਨ, ਸਾਨ ਐਂਟੋਨੀਓ ਵਿਚ ਨੇੜਲੀਆਂ ਮੈਡੀਕਲ ਸਹੂਲਤਾਂ ਲਈ ਏਅਰਲਿਫਟ ਕੀਤਾ ਗਿਆ। 34 ਸਾਲਾ ਕਾਰ ਡਰਾਈਵਰ ਨੂੰ ਵੀ ਸਾਨ ਐਂਟੋਨੀਓ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਸੀ।¿;
ਇਸ ਦੌੜ ਦੀ ਅਯੋਜਕ ‘ਫਲਾਇੰਗ ਡੀਜ਼ਲ ਪਰਫਾਰਮੰਸ’ ਕੰਪਨੀ ਦੇ ਪ੍ਰਤੀਨਿੱਧ ਰੌਸ ਦੂਨਾਗਨ ਨੇ ਕਿਹਾ ਹੈ ਕਿ ਹਾਦਸੇ ਉਪਰੰਤ ਦੌੜ ਖਤਮ ਕਰ ਦਿੱਤੀ ਗਈ ਹੈ। ਇਸ ਦੌੜ ਦੇ ਜੇਤੂਆਂ ਨੂੰ ਕੁਲ 10,000 ਡਾਲਰ ਦੇ ਇਨਾਮ ਦਿੱਤੇ ਜਾਂਦੇ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਹਾਦਸੇ ਸਮੇਂ ਹਜ਼ਾਰਾਂ ਦਰਸ਼ਕ ਮੌਜੂਦ ਸਨ ਤੇ 150 ਦੇ ਆਸ-ਪਾਸ ਗੱਡੀਆਂ ਦੌੜ ’ਚ ਹਿੱਸਾ ਲੈ ਰਹੀਆਂ ਸਨ।

Share