ਟੈਕਸਾਸ ’ਚ ਮੈਕਸੀਕੋ ਦੀ ਸਰਹੱਦ ਨੇੜੇ ਪੁੱਲ ਹੇਠਾਂ ਹਜ਼ਾਰਾਂ ਗਿਣਤੀ ’ਚ ਗੈਰ-ਕਾਨੂੰਨੀ ਪ੍ਰਵਾਸੀ ਹੋਏ ਇਕੱਠੇ

253
Share

ਫਰਿਜ਼ਨੋ, 17 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਅਮਰੀਕਾ ’ਚ ਦਾਖਲ ਹੋ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ’ਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕੀ ਸਟੇਟ ਟੈਕਸਾਸ ’ਚ ਮੈਕਸੀਕੋ ਦੀ ਸਰਹੱਦ ਨੇੜੇ ਇੱਕ ਪੁਲ ਦੇ ਹੇਠਾਂ ਹਜ਼ਾਰਾਂ ਦੀ ਗਿਣਤੀ ’ਚ ਪ੍ਰਵਾਸੀ, ਅਮਰੀਕੀ ਪ੍ਰਸ਼ਾਸਨ ਦੁਆਰਾ ਕੀਤੀ ਜਾਣ ਵਾਲੀ ਅਗਲੀ ਕਾਰਵਾਈ ਲਈ ਉਡੀਕ ਕਰ ਰਹੇ ਹਨ। ਵੀਰਵਾਰ ਨੂੰ ਜਾਰੀ ਇੱਕ ਰਿਪੋਰਟ ਦੇ ਅਨੁਸਾਰ, ਬਾਰਡਰ ਪੈਟਰੋਲ ਦੁਆਰਾ ਕਾਰਵਾਈ ਦੀ ਉਡੀਕ ਰਹੇ ਪ੍ਰਵਾਸੀਆਂ ਦੀ ਗਿਣਤੀ ਰਾਤੋਂ-ਰਾਤ ਦੁੱਗਣੀ ਹੋ ਕੇ 10,000 ਦੇ ਨੇੜੇ ਹੋ ਗਈ ਹੈ।
ਅਧਿਕਾਰੀਆਂ ਅਨੁਸਾਰ ਟੈਕਸਾਸ ਦੇ ਡੇਲ ਰਿਓ, ’ਚ ਇੰਟਰਨੈਸ਼ਨਲ ਪੁੱਲ ਦੇ ਹੇਠਾਂ ਪ੍ਰਵਾਸੀਆਂ ਦਾ ਭਾਰੀ ਇਕੱਠ ਸਮੱਸਿਆ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਪੁੱਲ ਹੇਠਾਂ ਲਗਭਗ 4,000 ਪ੍ਰਵਾਸੀ ਸਨ, ਪਰ ਇਹ ਗਿਣਤੀ ਰਾਤੋਂ-ਰਾਤ ਵਧ ਕੇ ਵੀਰਵਾਰ ਨੂੰ 8,200 ਦੇ ਕਰੀਬ ਹੋ ਗਈ। ਬਾਰਡਰ ਪੈਟਰੋਲ ਅਨੁਸਾਰ ਇਸ ਭੀੜ ਦਾ ਜ਼ਿਆਦਾਤਰ ਹਿੱਸਾ ਹੈਤੀ ਵਾਸੀਆਂ ਦਾ ਹੈ ਅਤੇ ਇਨ੍ਹਾਂ ਨੂੰ ਪੀਣ ਵਾਲਾ ਪਾਣੀ, ਤੌਲੀਏ, ਅਤੇ ਪੋਰਟੇਬਲ ਪਖਾਨੇ ਆਦਿ ਵਰਤਣ ਲਈ ਪ੍ਰਦਾਨ ਕੀਤੇ ਗਏ ਹਨ।
ਪ੍ਰਸ਼ਾਸਨ ਅਨੁਸਾਰ ਅਗਸਤ ’ਚ ਦੱਖਣੀ ਸਰਹੱਦ ’ਤੇ ਗੈਰ-ਕਨੂੰਨੀ ਪ੍ਰਵਾਸੀਆਂ ਦੇ ਨਾਲ ਫੋਰਸ ਦੀਆਂ 2,00,000 ਤੋਂ ਵੱਧ ਮੁਲਾਕਾਤਾਂ ਹੋਈਆਂ, ਇਹ ਲਗਾਤਾਰ ਦੂਜੇ ਮਹੀਨੇ ਦੀ ਜ਼ਿਆਦਾ ਗਿਣਤੀ ਹੈ। ਜ਼ਿਆਦਾਤਰ ਰਿਪਬਲਿਕਨ ਲੀਡਰ ਰਾਸ਼ਟਰਪਤੀ ਬਾਈਡੇਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਵਾਸੀਆਂ ਦੇ ਗੈਰ-ਕਾਨੂੰਨੀ ਵਾਧੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

Share