ਟੇਡਰੋਸ ਅਦਾਨੋਮ ਬਿਨਾਂ ਵਿਰੋਧ ਦੂਜੀ ਵਾਰ ਚੁਣੇ ਗਏ ਡਬਲਯੂ.ਐੱਚ.ਓ. ਡਾਇਰੈਕਟਰ ਜਨਰਲ

402
Share

ਜਨੇਵਾ, 30 ਅਕਤੂਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਟੇਡਰੋਸ ਅਦਾਨੋਮ ਘੇਬਰੇਅਸਸ ਨੂੰ ਸੰਗਠਨ ਦੇ ਪ੍ਰਮੁੱਖ ਅਹੁਦੇ ਲਈ ਬਿਨਾਂ ਵਿਰੋਧ ਦੁਬਾਰਾ ਚੁਣਿਆ ਗਿਆ ਹੈ। ਉਨ੍ਹਾਂ ਦਾ ਦੂਸਰਾ ਕਾਰਜਕਾਲ 5 ਸਾਲ ਦਾ ਹੋਵੇਗਾ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਹ ਐਲਾਨ ਅਗਲੇ ਕਾਰਜਕਾਲ ਦੀ ਦਾਅਵੇਦਾਰੀ ਦੀ ਅੰਤਿਮ ਤਾਰੀਖ਼ 23 ਸਤੰਬਰ ਨੂੰ ਖ਼ਤਮ ਹੋਣ ਤੋਂ ਬਾਅਦ ਕੀਤਾ ਹੈ। ਡਬਲਯੂ.ਐੱਚ.ਓ. ਦੇ ਅਗਲੇ ਡਾਇਰੈਕਟਰ-ਜਨਰਲ ਦੀ ਰਸਮੀ ਘੋਸ਼ਣਾ ਮਈ ’ਚ ਸੰਗਠਨ ਦੀ ਹੋਣ ਵਾਲੀ ਜਨਰਲ ਅਸੈਂਬਲੀ ਦੀ ਮੀਟਿੰਗ ’ਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਘੇਬਰੇਅਸਸ ਇਥੋਪੀਆਈ ਨਾਗਰਿਕ ਹਨ ਅਤੇ ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਅਫਰੀਕੀ ਹਨ। ਉਨ੍ਹਾਂ ਦੀ ਚੋਣ ਦੌਰਾਨ ਕੋਵਿਡ-19 ਨਾਲ ਨਜਿੱਠਣ ਲਈ ਸੰਗਠਨ ਦੀ ਗੁੰਝਲਦਾਰ ਪ੍ਰਤੀਕਿਰਿਆ ਰਹੀ। ਟੇਡਰੋਸ ਅਦਾਨੋਮ ਘੇਬਰੇਅਸਸ ਜੀਵ ਵਿਗਿਆਨ ਅਤੇ ਛੂਤ ਦੀਆਂ ਬਿਮਾਰੀਆਂ ’ਚ ਸਿਖਲਾਈ ਪ੍ਰਾਪਤ ਹਨ ਅਤੇ ਉਨ੍ਹਾਂ ਨੇ ਕਮਿਊਨਿਟੀ ਹੈਲਥ ਵਿਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਹੈ। ਉਹ ਪਹਿਲੇ ਡਬਲਯੂ.ਐੱਚ.ਓ. ਮੁਖੀ ਹਨ, ਜਿਨ੍ਹਾਂ ਦਾ ਪਿਛੋਕੜ ਡਾਕਟਰੀ ਨਹੀਂ ਹੈ। ਇਥੋਪੀਆ ਦੇ ਸਾਬਕਾ ਸਿਹਤ ਅਤੇ ਵਿਦੇਸ਼ ਮੰਤਰੀ ਟੇਡਰੋਸ ਨੂੰ ਨਾਮਜ਼ਦਗੀ ਦੀ ਮਿਆਦ ਖ਼ਤਮ ਹੋਣ ਤੋਂ ਠੀਕ ਪਹਿਲਾਂ ਫਰਾਂਸ ਅਤੇ ਜਰਮਨੀ ਤੋਂ ਸਮਰਥਨ ਪ੍ਰਾਪਤ ਹੋਇਆ ਸੀ। ਦੋਵਾਂ ਦੇਸ਼ਾਂ ਨੇ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ।

Share