ਟੂਲਕਿੱਟ ਮਾਮਲਾ: ਦਿੱਲੀ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ ਦਿਸ਼ਾ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਤੋਂ ਰਿਪੋਰਟ ਤਲਬ

307
Share

ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)-ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਭੇਜ ਕੇ ‘ਟੂਲਕਿੱਟ’ ਮਾਮਲੇ ’ਚ ਗ੍ਰਿਫ਼ਤਾਰ ਦਿਸ਼ਾ ਰਵੀ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਕਥਿਤ ਤੌਰ ’ਤੇ ਉਨ੍ਹਾਂ ਦੀ ਪਸੰਦ ਦਾ ਵਕੀਲ ਮੁਹੱਈਆ ਨਾ ਕਰਵਾਉਣ ’ਤੇ ਰਿਪੋਰਟ ਤਲਬ ਕੀਤੀ ਹੈ। ਮੀਡੀਆ ’ਚ ਆਈਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਦਿੱਲੀ ਮਹਿਲਾ ਆਯੋਗ (ਡੀ.ਸੀ.ਡਬਲਯੂ.) ਨੇ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ। ਖ਼ਬਰਾਂ ਮੁਤਾਬਿਕ ਰਵੀ ਨੂੰ ਦਿੱਲੀ ਦੀ ਅਦਾਲਤ ’ਚ ਪੇਸ਼ ਕਰਨ ਦੌਰਾਨ ਉਨ੍ਹਾਂ ਦੀ ਪਸੰਦ ਦਾ ਵਕੀਲ ਉੱਥੇ ਮੌਜੂਦ ਨਹੀਂ ਸੀ। ਖ਼ਬਰਾਂ ਦਾ ਹਵਾਲਾ ਦਿੰਦਿਆਂ ਡੀ.ਸੀ.ਡਬਲਯੂ. ਨੇ ਕਿਹਾ ਕਿ ਰਵੀ ਨੂੰ ਪੁਲਿਸ ਬੈਂਗਲੁਰੂ ਤੋਂ ਗ੍ਰਿਫ਼ਤਾਰ ਕਰ ਦਿੱਲੀ ਲਿਆਈ ਪਰ ਉਸ ਦੇ ਠਿਕਾਣੇ ਦੀ ਜਾਣਕਾਰੀ ਮਾਤਾ-ਪਿਤਾ ਤੱਕ ਨੂੰ ਨਹੀਂ ਦਿੱਤੀ ਗਈ। ਆਯੋਗ ਨੇ ਕਿਹਾ ਕਿ ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਦਿੱਲੀ ਲਿਆਉਣ ਤੋਂ ਪਹਿਲਾਂ ਰਵੀ ਨੂੰ ਬੈਂਗਲੁਰੂ ਦੀ ਅਦਾਲਤ ’ਚ ਟਰਾਂਜ਼ਿਟ ਰਿਮਾਂਡ ਲਈ ਪੇਸ਼ ਨਹੀਂ ਕੀਤਾ। ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਸ਼ੁੱਕਰਵਾਰ ਤੱਕ ਮਾਮਲੇ ’ਚ ਦਰਜ ਐੱਫ਼.ਆਈ.ਆਰ. ਦੀ ਕਾਪੀ ਦੇਣ ਦੇ ਨਾਲ-ਨਾਲ ਟਰਾਂਜ਼ਿਟ ਰਿਮਾਂਡ ਲਈ ਸਥਾਨਕ ਅਦਾਲਤ ’ਚ ਕਥਿਤ ਤੌਰ ’ਤੇ ਪੇਸ਼ ਨਾ ਕਰਨ, ਇੱਥੇ ਅਦਾਲਤ ’ਚ ਪੇਸ਼ ਕਰਨ ਦੌਰਾਨ ਉਸ ਦੇ ਪਸੰਦ ਦਾ ਵਕੀਲ ਮੁਹੱਈਆ ਨਾ ਕਰਨ ਦਾ ਕਾਰਨ ਦੱਸਣ ਨੂੰ ਕਿਹਾ ਹੈ। ਕਮਿਸ਼ਨ ਨੇ ਕਾਰਵਾਈ ਰਿਪੋਰਟ ਵੀ ਤਲਬ ਕੀਤੀ ਹੈ।


Share