ਟਵਿੱਟਰ ਵੱਲੋਂ ਤੱਥਹੀਨ ਕੰਟੈਟ ਸ਼ੇਅਰ ਕਰ ਰਹੇ 70 ਹਜ਼ਾਰ ਤੋਂ ਵੱਧ ਕਿਊਏਨੌਨ ਸਮਰਥਕਾਂ ਦੇ ਅਕਾਊਂਟ ਬੰਦ

49
Share

-ਖੁਦ ਨੂੰ ਦਸ ਰਹੇ ਸਨ ਟਰੰਪ ਸਮਰਥਕ
ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)- ਟਵਿੱਟਰ ਨੇ ਦੱਸਿਆ ਹੈ ਕਿ ਉਸ ਨੇ ਕਿਊਏਨੌਨ ਨਾਲ ਸਬੰਧਤ ਸਮੱਗਰੀ ਸ਼ੇਅਰ ਕਰ ਰਹੇ ਕਰੀਬ 70,000 ਅਕਾਊਂਟ ਨੂੰ ਬੰਦ ਕਰ ਦਿੱਤਾ ਹੈ। ਇਹ ਸਾਰੇ ਖੁਦ ਨੂੰ ਟਰੰਪ ਦਾ ਸਮਰਥਕ ਦੱਸ ਰਹੇ ਸਨ ਅਤੇ ਫੌਰ ਰਾਈਟ ਕੌਨਸੀਪਿਰੇਸੀ ਥਿਊਰੀ ਗਰੁੱਪ ਕਿਊਏਨੌਨ ਵੱਲੋਂ ਪ੍ਰਚਾਰਿਤ ਤੱਥਹੀਨ ਕੰਟੈਟ ਸ਼ੇਅਰ ਕਰ ਰਹੇ ਸਨ। ਇਹ ਸਾਰੇ ਇਸ ਕੰਟੈਟ ਦੇ ਜ਼ਰੀਏ ਕੈਪੀਟਲ ਹਿਲ ’ਤੇ ਹੋਏ ਹਮਲੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੇ ਬਾਅਦ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ, ਫੇਸਬੁੱਕ ਆਦਿ ਕਾਫੀ ਸਾਵਧਾਨੀ ਵਰਤ ਰਹੇ ਹਨ।
ਟਵਿੱਟਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵਾਸ਼ਿੰਗਟਨ ਵਿਚ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਅਤੇ ਇਸ ਦੇ ਫੈਲਾਉਣ ਦੀ ਇੱਛਾਵਾਂ ਵਿਚ ਅਸੀਂ ਉਨ੍ਹਾਂ ਹਜ਼ਾਰਾਂ ਟਵਿੱਟਰ ਅਕਾਊਂਟਸ ਨੂੰ ਸ਼ੁੱਕਰਵਾਰ ਤੋਂ ਹਮੇਸ਼ਾ ਲਈ ਬੰਦ ਕਰਨਾ ਸ਼ੁਰੂ ਕਰ ਰਹੇ ਹਾਂ, ਜੋ ਕਿ ਕਿਊਏਨੌਨ ਨਾਲ ਸਬੰਧਤ ਕੰਟੈਟ ਪ੍ਰਚਾਰਿਤ ਕਰ ਰਹੇ ਸਨ। ਇਹ ਸਾਰੇ ਅਕਾਊਂਟ ਬਹੁਤ ਖਤਰਨਾਕ ਹਨ ਅਤੇ ਸਮਾਜ ਨੂੰ ਵੰਡਣ ਵਾਲੀ ਸਮੱਗਰੀ ਸ਼ੇਅਰ ਕਰ ਰਹੇ ਸਨ। ਅਸੀਂ ਇਸ ਤਰ੍ਹਾਂ ਦੀਆਂ ਅਫਵਾਹਾਂ ਅਤੇ ਸਾਜ਼ਿਸ਼ ਦੇ ਸਿਧਾਂਤ ਨੂੰ ਫੈਲਣ ਨਹੀਂ ਦੇ ਸਕਦੇ।
ਅਮਰੀਕਾ ਦੇ ਅਟਾਰਨੀ ਦਫਤਰ ਦੇ ਮੁਤਾਬਕ, ਅਮਰੀਕੀ ਹਿੰਸਾ ਮਾਮਲੇ ’ਚ ਸੰਘੀ ਅਦਾਲਤ ’ਚ ਇਨ੍ਹਾਂ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ। ਸਿੰਙ ਵਾਲੀ ਟੋਪੀ ਪਹਿਨੇ ਟਰੰਪ ਸਮਰਥਕ ’ਤੇ ਜਾਣਬੁੱਝ ਕੇ ਪਾਬੰਦੀਸ਼ੁਦਾ ਇਮਾਰਤ ਵਿਚ ਜ਼ਬਰੀ ਦਾਖਲ ਹੋਣ, ਹਿੰਸਾ ਫੈਲਾਉਣ, ਸੰਸਦ ਦਾ ਅਪਮਾਨ ਕਰਨ ਸਮੇਤ ਕਈ ਦੋਸ਼ ਲਗਾਏ ਗਏ ਹਨ। ਅਮਰੀਕਾ ਦੇ ਅਟਾਰਨੀ ਦਫਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਚੈਂਸਲੇ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਅਮਰੀਕੀ ਝੰਡੇ ਦੇ ਨਾਲ ਅਮਰੀਕੀ ਸੰਸਦ ਦੀ ਇਮਾਰਤ ਵਿਚ ਦੇਖਿਆ ਗਿਆ ਹੈ।
ਨਵੀਂ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਟਰੰਪ ਸਮਰਥਕ ਕੈਪੀਟਲ ਹਿਲ ਵਿਚ ਹਿੰਸਾ ਦੇ ਲਈ ਬੰਦੂਕਾਂ ਦੇ ਇਲਾਵਾ ਇਕ ਟਰੱਕ ਵਿਚ 11 ਦੇਸੀ ਬੰਬ ਅਤੇ ਕੁਝ ਹੋਰ ਹਥਿਆਰ ਵੀ ਭਰ ਕੇ ਲਿਆਏ ਸਨ। ਭਾਵੇਂਕਿ ਨੈਸ਼ਨਲ ਗਾਰਡਸ ਦੇ ਜਲਦੀ ਆ ਜਾਣ ਕਾਰਨ ਇਹ ਲੋਕ ਇਨ੍ਹਾਂ ਬੰਬਾਂ ਨੂੰ ਲੈ ਕੇ ਕੈਪੀਟਲ ਹਿਲ ਇਮਾਰਤ ਵਿਚ ਲੈ ਕੇ ਦਾਖਲ ਨਹੀਂ ਹੋ ਸਕੇ। ਉੱਧਰ ਅਮਰੀਕੀ ਖੁਫੀਆ ਏਜੰਸੀਆਂ ਨੇ ਸਾਵਧਾਨ ਕੀਤਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੇ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਸਮਾਰੋਹ ਤੋਂ ਪਹਿਲਾਂ ਹਿੰਸਾ ਹੋ ਸਕਦੀ ਹੈ।

Share