ਟਰੰਪ ਵੱਲੋਂ 2020 ਮਰਦਮਸ਼ੁਮਾਰੀ ਵਿਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੂੰ ਬਾਹਰ ਰੱਖਣ ਦੇ ਹੁਕਮ

362
Share

ਵਾਸ਼ਿੰਗਟਨ, 29 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਕਾਰਜਕਾਰੀ ਹੁਕਮਾਂ ਵਿਚ ਅਨੁਸਾਰ ਅਮਰੀਕਾ ‘ਚ 2020 ਲਈ ਹੋ ਰਹੀ ਮਰਦਮਸ਼ੁਮਾਰੀ ਵਿਚੋਂ ਅਮਰੀਕਾ ‘ਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੂੰ ਬਹਾਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਥੇ ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ, ਜੋ ਇਸ ਸਾਲ ਵੀ ਹੋ ਰਹੀ ਹੈ। ਵ੍ਹਾਈਟ ਹਾਊਸ ਵੱਲੋਂ ਮੀਡੀਏ ਨੂੰ ਦਿੱਤੀ ਗਈ ਪ੍ਰੈੱਸ ਰਿਲੀਜ਼ ‘ਚ ਡੋਨਾਲਡ ਟਰੰਪ ਨੇ ਇਹ ਸਪੱਸ਼ਟ ਕਿਹਾ ਹੈ ਕਿ ਮੇਰਾ ਪ੍ਰਸ਼ਾਸਨ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਜਾਂ ਰਹਿਣ ਪ੍ਰਵਾਸੀ ਲੋਕਾਂ ਨੂੰ ਸੰਸਦ ਦੀ ਨੁਮਾਇੰਦਗੀ ਦੇਣ ਦਾ ਸਮਰਥਨ ਨਹੀਂ ਕਰੇਗਾ। ਅਮਰੀਕਾ ਵਿਚ ਲਗਭਗ 11 ਮਿਲੀਅਨ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਪਿਛਲੇ ਸਮੇਂ ਦੌਰਾਨ ਹੋਰ ਵੀ ਬਹੁਤ ਸਾਰੇ ਹੁਕਮ ਪ੍ਰਵਾਸੀਆਂ ਦੇ ਖਿਲਾਫ ਦਿੱਤੇ ਜਾਂਦੇ ਰਹੇ ਹਨ। ਪਰ ਉਨ੍ਹਾਂ ਵਿਚੋਂ ਬਹੁਤੇ ਹੁਕਮ ਅਦਾਲਤਾਂ ਵਿਚੋਂ ਮੂਧੇ ਮੂੰਹ ਡਿੱਗੇ ਹਨ। ਯਾਨੀ ਕਿ ਉਹ ਹੁਕਮ ਰੱਦ ਕਰ ਦਿੱਤੇ ਗਏ। ਹੁਣ ਦੇਖਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਇਸ ਹੁਕਮ ਲਈ ਵਿਰੋਧੀ ਧਿਰ ਕੀ ਨੀਤੀ ਅਪਣਾਉਂਦਾ ਹੈ।


Share