ਟਰੰਪ ਵੱਲੋਂ 2016 ਰਾਸ਼ਟਰਪਤੀ ਚੋਣਾਂ ‘ਚ ਰੂਸੀ ਦਖ਼ਲ ਸਬੰਧੀ ਦਸਤਾਵੇਜ਼ ਜਨਤਕ ਕਰਨ ਦੇ ਹੁਕਮ

95
Share

* ਬਾਇਡਨ ਵੱਲੋਂ ਟਰੰਪ ਦੇ ਕੋਰੋਨਾ ਮੁਕਤ ਹੋਣ ਤੱਕ ਦੂਜੀ ਬਹਿਸ ‘ਚ ਸ਼ਾਮਲ ਹੋਣ ਤੋਂ ਇਨਕਾਰ
ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਕਥਿਤ ਦਖ਼ਲ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ‘ਜਨਤਕ’ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਹਾਲਾਂਕਿ ਰੂਸ ਦੇ ਕਥਿਤ ਦਖ਼ਲ ਨੂੰ ਅਫ਼ਵਾਹ ਦੱਸਦੇ ਆਏ ਹਨ। ਇਸ ਦੌਰਾਨ ਜੋਅ ਬਾਈਡਨ ਨੇ ਟਰੰਪ ਦੇ ਕੋਰੋਨਾ ਤੋਂ ਸਿਹਤਯਾਬ ਹੋਣ ਤਕ 15 ਅਕਤੂਬਰ ਦੀ ਦੂਜੀ ਬਹਿਸ ਵਿਚ ਸ਼ਿਰਕਤ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਧਰ ਵ੍ਹਾਈਟ ਹਾਊਸ ਦਾ ਇਕ ਹੋਰ ਸਟਾਫ਼ ਮੈਂਬਰ ਕਰੋਨਾ ਦੀ ਲਪੇਟ ਵਿਚ ਆ ਗਿਆ ਹੈ।
ਰਾਸ਼ਟਰਪਤੀ ਟਰੰਪ ਨੇ ਇਕ ਟਵੀਟ ‘ਚ ਕਿਹਾ, ”ਮੈਂ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਸਿਆਸੀ ਅਪਰਾਧ, ‘ਦਿ ਰਸ਼ੀਆ ਹਾਕਸ’ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਹਿਲੇਰੀ ਕਲਿੰਟਨ ਈਮੇਲ ਘੁਟਾਲੇ ‘ਚ ਦਿੱਤੇ ਸਨ। ਇਸ ਵਿਚ ਕੁਝ ਵੀ ਨਵਾਂ ਨਹੀਂ।” ਉਂਜ ਅਮਰੀਕੀ ਸਦਰ ਦੇ ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਕੌਮੀ ਇੰਟੈਲੀਜੈਂਸ ਦੇ ਡਾਇਰੈਕਟਰ ਨੇ ਇਨ੍ਹਾਂ ‘ਚੋਂ ਕੁਝ ਦਸਤਾਵੇਜ਼ਾਂ ਨੂੰ ਪਹਿਲਾਂ ਹੀ ਜਨਤਕ ਕਰ ਦਿੱਤਾ ਸੀ। ਸਬੰਧਤ ਦਸਤਾਵੇਜ਼, ਹਾਊਸ ਤੇ ਸੈਨੇਟ ਇੰਟੈਲੀਜੈਂਸ ਕਮੇਟੀਆਂ ਨੂੰ ਤਬਦੀਲ ਕਰ ਦਿੱਤੇ ਗਏ ਹਨ। ਆਗਾਮੀ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੇ ਸੂਚਨਾ ਡਾਇਰੈਕਟਰ ਟਿਮ ਮੁਰਟਾਗ ਨੇ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਮੌਕੇ ਖੁਦ ਵੱਲੋਂ ਪ੍ਰਾਈਵੇਟ ਈਮੇਲ ਸਰਵਰ ਦੀ ਵਰਤੋਂ ਕਰਨ ਦੇ ਤੱਥ ਤੋਂ ਸਾਰਿਆਂ ਦਾ ਧਿਆਨ ਭਟਕਾਉਣ ਲਈ ਰਾਸ਼ਟਰਪਤੀ ਦੇ ਅਹੁਦੇ ਲਈ ਤਤਕਾਲੀਨ ਉਮੀਦਵਾਰ ਡੋਨਲਡ ਟਰੰਪ ਨੂੰ ਰੂਸ ਨਾਲ ਜੋੜਨ ਲਈ ਝੂਠ ਘੜਿਆ ਸੀ। ਮੁਰਟਾਗ ਨੇ ਕਿਹਾ, ”ਅਸੀਂ ਇਹ ਵੀ ਜਾਣਦੇ ਹਾਂ ਕਿ ਸਾਬਕਾ ਸੀ.ਆਈ.ਏ. ਡਾਇਰੈਕਟਰ ਜੌਹਨ ਬਰੈਨਨ ਨੇ ਅਮਰੀਕੀ ਸਦਰ ਬਰਾਕ ਓਬਾਮਾ ਨੂੰ ਇਸ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਸੀ। ਲਿਹਾਜ਼ਾ ਅਮਰੀਕੀ ਲੋਕਾਂ ਲਈ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਤਤਕਾਲੀਨ ਉਪ ਰਾਸ਼ਟਰਪਤੀ ਜੋਅ ਬਾਈਡਨ ਇਸ ਸਾਜ਼ਿਸ਼ ਬਾਰੇ ਕੀ ਜਾਣਦੇ ਹਨ ਤੇ ਉਨ੍ਹਾਂ ਨੂੰ ਇਸ ਬਾਰੇ ਕਦੋਂ ਪਤਾ ਲੱਗਾ।” ਉਧਰ ਆਗਾਮੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਵੱਲੋਂ ਉਮੀਦਵਾਰ ਜੋਅ ਬਾਈਡਨ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਡੋਨਲਡ ਟਰੰਪ ਕੋਰੋਨਾ ਮੁਕਤ ਨਹੀਂ ਹੁੰਦੇ, ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨਾਲ ਹੋਣ ਵਾਲੀ ਦੂਜੀ ਬਹਿਸ ਵਿਚ ਸ਼ਿਰਕਤ ਨਹੀਂ ਕਰਨਗੇ। ਟਰੰਪ ਤੇ ਬਾਈਡਨ ਦਰਮਿਆਨ ਦੂਜੀ ਬਹਿਸ 15 ਅਕਤੂਬਰ ਨੂੰ ਮਿਆਮੀ ਵਿਚ ਹੋਣੀ ਹੈ। ਇਸ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨੇੜਲਾ ਇਕ ਹੋਰ ਸੀਨੀਅਰ ਅਧਿਕਾਰੀ ਸਟੀਫ਼ਨ ਮਿੱਲਰ ਕਰੋਨਾ ਦੀ ਲਪੇਟ ਵਿਚ ਆ ਗਿਆ ਹੈ। ਕੋਰੋਨਾਵਾਇਰਸ ਦੀ ਜ਼ੱਦ ਵਿਚ ਆਉਣ ਵਾਲੇ ਵ੍ਹਾਈਟ ਹਾਊਸ ਦੇ ਸਟਾਫ਼ ਮੈਂਬਰਾਂ ਦੀ ਗਿਣਤੀ ਦਸ ਹੋ ਗਈ ਹੈ।


Share