ਟਰੰਪ ਵੱਲੋਂ ‘ਲੜੀਵਾਰ ਪਰਵਾਸ’ ਨੂੰ ਬੰਦ ਕਰਨ ’ਤੇ ਜ਼ੋਰ

ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ) – ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਰਿਟ ਆਧਾਰਤ ਆਵਾਸ ਪ੍ਰਣਾਲੀ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਭਾਰਤ ਵਰਗੇ ਮੁਲਕਾਂ ਦੇ ਆਈਟੀ ਪੇਸ਼ੇਵਰਾਂ ਨੂੰ ਲਾਭ ਮਿਲੇਗਾ। ਪਰ ਨਾਲ ਹੀ ਉਨ੍ਹਾਂ ਨੇ ‘ਲੜੀਵਾਰ ਪਰਵਾਸ’ ਨੂੰ ਬੰਦ ਕਰਨ ’ਤੇ ਵੀ ਜ਼ੋਰ ਦਿੱਤਾ। ਕਾਂਗਰਸ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਪਲੇਠੇ ਸੰਬੋਧਨ ਵਿੱਚ ਟਰੰਪ ਨੇ ਆਪਣੇ ਧਰੁਵੀਕਰਨ ਵਾਲੇ ਅਕਸ, ਜੋ ਉਨ੍ਹਾਂ ਦੇ ਆਵਾਸ ਸੁਧਾਰਾਂ ਬਾਰੇ ਕਾਨੂੰਨ ਨੂੰ ਪਾਸ ਕਰਾਉਣ ’ਚ ਅੜਿੱਕਾ ਬਣ ਗਿਆ ਸੀ, ਨੂੰ ਸੁਧਾਰਨ ਦਾ ਯਤਨ ਕਰਦਿਆਂ ਡੈਮੋਕਰੈਟਾਂ ਨੂੰ ਅਮਰੀਕਾ ਵਾਸੀਆਂ ਦੇ ਭਲੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਟਰੰਪ ਨੇ ਚਾਰ ਨੁਕਾਤੀ ਆਵਾਸ ਸੁਧਾਰਾਂ ਦਾ ਪ੍ਰਸਤਾਵ ਰੱਖਿਆ ਹੈ, ਜਿਸ ’ਚ ਤਕਰੀਬਨ 18 ਲੱਖ ਗ਼ੈਰਕਾਨੂੰਨੀ ਪਰਵਾਸੀਆਂ, ਜਿਨ੍ਹਾਂ ਨੂੰ ‘ਡਰੀਮਰਜ਼’ ਕਿਹਾ ਜਾਂਦਾ ਹੈ, ਲਈ ਨਾਗਰਿਕਤਾ ਦਾ ਰਾਹ ਖੋਲ੍ਹਣਾ, ਸਰਹੱਦੀ ਸੁਰੱਖਿਆ, ਲਾਟਰੀ ਵੀਜ਼ਾ ਪ੍ਰੋਗਰਾਮ ਨੂੰ ਖ਼ਤਮ ਕਰਨਾ ਅਤੇ ਪਰਿਵਾਰ ਆਧਾਰਤ ਪਰਵਾਸ ਨੂੰ ਸੀਮਤ ਕਰਨਾ ਸ਼ਾਮਲ ਹੈ। 80 ਮਿੰਟ ਲੰਬੀ ਤਕਰੀਰ ’ਚ ਉਨ੍ਹਾਂ ਕਿਹਾ, ‘ਸਾਡੇ ਨਾਗਰਿਕਾਂ, ਜੋ ਕਿਸੇ ਵੀ ਪਿਛੋਕੜ, ਰੰਗ ਅਤੇ ਧਰਮ ਦੇ ਹਨ, ਦੀ ਰੱਖਿਆ ਲਈ ਮੈਂ ਅੱਜ ਰਾਤ ਦੋਵੇਂ ਪਾਰਟੀਆਂ (ਡੈਮੋਕਰੈਟਾਂ ਤੇ ਰਿਪਬਲਿਕਨਾਂ) ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਲਈ ਹੱਥ ਵਧਾ ਰਿਹਾ ਹਾਂ। ਇਹ ਸਮਾਂ ਮੈਰਿਟ ਆਧਾਰ ਆਵਾਸ ਪ੍ਰਣਾਲੀ ਵੱਲ ਵਧਣ ਦਾ ਹੈ। ਇਹ ਹੁਨਰਮੰਦ ਲੋਕਾਂ, ਜੋ ਕੰਮ ਕਰਨਾ ਚਾਹੁੰਦੇ ਹਨ, ਜੋ ਸਾਡੇ ਸਮਾਜ ’ਚ ਯੋਗਦਾਨ ਪਾਉਣਗੇ, ਜੋ ਸਾਡੇ ਮੁਲਕ ਨੂੰ ਪਿਆਰ ਤੇ ਸਤਿਕਾਰ ਦੇਣਗੇ ਲਈ ਅਮਰੀਕਾ ਦੇ ਦਰਵਾਜੇ ਖੋਲ੍ਹੇਗੀ।’
ਰਾਸ਼ਟਰਪਤੀ ਨੇ ਜਦੋਂ ਉਨ੍ਹਾਂ ਲੋਕਾਂ, ਜਿਨ੍ਹਾਂ ਨੇ ਪਰਿਵਾਰਕ ਸਬੰਧਾਂ ਰਾਹੀਂ ਅਮਰੀਕਾ ’ਚ ਪਰਵਾਸ ਕੀਤਾ ਹੈ, ਨੂੰ ਬਾਹਰ ਕਰਨ ਦੀ ਯੋਜਨਾ ਦਾ ਜ਼ਿਕਰ ਕੀਤਾ ਤਾਂ ਡੈਮੋਕਰੈਟਾਂ, ਜਿਨ੍ਹਾਂ ’ਚੋਂ ਕਈਆਂ ਨੇ ਰਾਸ਼ਟਰਪਤੀ ਦੇ ਭਾਸ਼ਣ ਲਈ ‘ਡਰੀਮਰਜ਼’ ਨੂੰ ਮਹਿਮਾਨ ਵਜੋਂ ਲਿਆਂਦਾ ਸੀ, ਨੇ ਰੌਲਾ ਪਾ ਕੇ ਨਿਰਾਸ਼ਾ ਪ੍ਰਗਟਾਈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਦੀ ਦੋਵੇਂ ਪਾਰਟੀਆਂ (ਰਿਪਬਲਿਕਨ ਤੇ ਡੈਮੋਕਰੈਟਿਕ) ਵੱਲੋਂ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਡਰੀਮਰਜ਼ ਬਾਰੇ ਰਾਹ ਖੋਲ੍ਹਦਿਆਂ ਉਨ੍ਹਾਂ ਕਿਹਾ, ‘ਸਾਡੀ ਯੋਜਨਾ ਤਹਿਤ ਸਿੱਖਿਆ ਤੇ ਕੰਮਕਾਜੀ ਲੋੜਾਂ ਪੂਰੀਆਂ ਕਰਦੇ ਅਤੇ ਚੰਗੇ ਨੈਤਿਕ ਚਰਿੱਤਰ ਵਾਲੇ ਅਮਰੀਕਾ ਦੇ ਨਾਗਰਿਕ ਬਣਨ ਦੇ ਯੋਗ ਹੋਣਗੇ।’ ਦੂਜੇ ਨੁਕਤਾ ਮੈਕਸਿਕੋ ਨਾਲ ਲੱਗਦੀ ਦੱਖਣੀ ਸਰਹੱਦ ’ਤੇ ਕੰਧ ਉਸਾਰਨ ਦਾ ਹੈ। ਟਰੰਪ ਨੇ ਕਿਹਾ, ‘ਸਾਡੀ ਯੋਜਨਾ ਅਪਰਾਧੀਆਂ ਤੇ ਅਤਿਵਾਦੀਆਂ ਦੇ ਸਾਡੇ ਮੁਲਕ ਅੰਦਰ ਦਾਖ਼ਲ ਹੋਣ ਵਾਲੀਆਂ ਚੋਰ ਮੋਰੀਆਂ ਬੰਦ ਕਰਦੀ ਹੈ ਅਤੇ ਇਹ ‘ਫੜੋ ਤੇ ਛੱਡੋ’ ਵਾਲੀ ਖ਼ਤਰਨਾਕ ਰਵਾਇਤ ਦਾ ਅੰਤ ਕਰੇਗੀ।’ ਉਨ੍ਹਾਂ ਕਿਹਾ ਕਿ ਤੀਜਾ ਨੁਕਤਾ ਲਾਟਰੀ ਵੀਜ਼ੇ ਦਾ ਅੰਤ ਕਰੇਗਾ, ਜਿਸ ਤਹਿਤ ਬਗ਼ੈਰ ਕਿਸੇ ਹੁਨਰ, ਮੈਰਿਟ ਤੇ ਅਮਰੀਕੀਆਂ ਦੀ ਸੁਰੱਖਿਆ ਦਾ ਖ਼ਿਆਲ ਕੀਤੇ ਗਰੀਨ ਕਾਰਡ ਸੌਂਪੇ ਜਾ ਰਹੇ ਹਨ। ਚੌਥਾ ਤੇ ਅੰਤਿਮ ਨੁਕਤਾ ਲੜੀਵਾਰ ਪਰਵਾਸ ਨੂੰ ਖ਼ਤਮ ਕਰਦਾ ਹੈ। ਉਨ੍ਹਾਂ ਕਿਹਾ ਕਿ ਜਰਜਰ ਹੋ ਚੁੱਕੀ ਮੌਜੂਦਾ ਪ੍ਰਣਾਲੀ ਤਹਿਤ ਇਕ ਪਰਵਾਸੀ ਆਪਣੇ ਮਗਰ ਦੂਰ ਦੇ ਕਈ ਰਿਸ਼ਤੇਦਾਰਾਂ ਤਕ ਨੂੰ ਸੱਦ ਸਕਦਾ ਹੈ। ਪਰ ਅਸੀਂ ਇਸ ਨੂੰ ਪਤੀ-ਪਤਨੀ ਅਤੇ ਨਾਬਾਲਗ ਬੱਚਿਆਂ ਤਕ ਸੀਮਤ ਕਰਨ ਜਾ ਰਹੇ ਹਨ। ਇਨ੍ਹਾਂ ਸੁਧਾਰਾਂ ਦੀ ਅਮਰੀਕਾ ਦੀ ਆਰਥਿਕਤਾ, ਸੁਰੱਖਿਆ ਤੇ ਭਵਿੱਖ ਲਈ ਵੱਡੀ ਲੋੜ ਹੈ।