ਟਰੰਪ ਵੱਲੋਂ ਨਵੇਂ ਅਤੇ ਸਖਤ ਜਾਂਚ ਨਿਯਮਾਂ ਤਹਿਤ ਬਹਾਲ ਕੀਤਾ ਸ਼ਰਨਾਰਥੀਆਂ ਦਾ ਪੁਨਰਵਾਸ ਪ੍ਰੋਗਰਾਮ

ਵਾਸ਼ਿੰਗਟਨ, 26 ਅਕਤੂਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਅਤੇ ਕਠੋਰ ਜਾਂਚ ਨਿਯਮਾਂ ਤਹਿਤ ਸ਼ਰਨਾਰਥੀਆਂ ਦਾ ਪ੍ਰਵੇਸ਼ ਪ੍ਰੋਗਰਾਮ ਫਿਰ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ । ਨਾਲ ਹੀ ਉਨ੍ਹਾਂ 11 ਦੇਸ਼ਾਂ ਦੇ ਨਾਗਰਿਕਾਂ ਦੀ ਹੋਰ ਜ਼ਿਆਦਾ ਕਠੋਰਤਾ ਨਾਲ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਹਨ। ਸਮਝਿਆ ਜਾਂਦਾ ਹੈ ਕਿ ਇਹ ਉਹ 11 ਦੇਸ਼ ਹਨ ਜੋ ਖ਼ਤਰਾ ਪੈਦਾ ਕਰਦੇ ਹਨ। ਅਮਰੀਕਾ ਨੇ ਇਨ੍ਹਾਂ 11 ਦੇਸ਼ਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਪਰ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਸ਼ਰਨਾਰਥੀਆਂ ਤੋਂ ਮਿਲਣ ਵਾਲੀਆਂ ਅਰਜ਼ੀਆਂ ਦੀ ਮਾਮਲਾ-ਦਰ- ਮਾਮਲਾ ਜਾਂਚ ਕੀਤੀ ਜਾਵੇਗੀ। ਇਨ੍ਹਾਂ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਉਦੋਂ ਹੀ ਅਮਰੀਕਾ ਆਉਣ ਦੀ ਆਗਿਆ ਦਿੱਤੀ ਜਾਵੇਗੀ ਜਦੋਂ ਲੱਗੇਗਾ ਕਿ ਇਹ ਰਾਸ਼ਟਰਹਿੱਤ ਵਿਚ ਹਨ। ਸ਼ਰਨਾਰਥੀਆਂ ਦੀ ਇਸ ਨਵੀਂ ਕਠੋਰ ਜਾਂਚ ਪ੍ਰਕਿਰਿਆ ਵਿਚ, ਜ਼ਿਆਦਾ ਬਾਇਓਗ੍ਰਾਫੀਕਲ ਸੂਚਨਾਵਾਂ ਅਤੇ ਸ਼ਰਨਾਰਥੀ ਦੀ ਦੱਸੀ ਗਈ ਸਥਿਤੀ ਦੀ ਵੈਰੀਫਿਕੇਸ਼ਨ ਲਈ ਹੋਰ ਜਾਣਕਾਰੀ ਇਕੱਠੀ ਕਰਨਾ, ਏਜੰਸੀਆਂ ਨਾਲ ਜਾਣਕਾਰੀ ਸਾਂਝਾ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਕਰਨਾ, ਧੋਖਾਧੜੀ ਦਾ ਪਤਾ ਲਗਾਉਣ ਵਾਲੇ ਅਧਿਕਾਰੀਆਂ ਨੂੰ ਵਿਦੇਸ਼ਾਂ ਵਿਚ ਕੁਝ ਸਥਾਨਾਂ ਉੱਤੇ ਤਾਇਨਾਤ ਕਰਨਾ ਅਤੇ ਜਾਂਚਕਰਤਾਵਾਂ ਨੂੰ ਸਿਖਲਾਈ ਦੇਣਾ (ਤਾਂ ਕਿ ਉਹ ਧੋਖਾਧੜੀ ਅਤੇ ਬੇਈਮਾਨੀ ਦਾ ਪਤਾ ਲਗਾ ਸਕਣ) ਸ਼ਾਮਲ ਹਨ। ਇਨ੍ਹਾਂ ਨਵੇਂ ਕਦਮਾਂ ਦਾ ਐਲਾਨ ਸ਼ਰਨਾਰਥੀਆਂ ਦੇ ਪੁਨਰਵਾਸ (ਮੁੜ-ਵਸੇਬਾ) ਉੱਤੇ ਲਗਾਈ ਗਈ 120 ਦਿਨਾਂ ਦੀ ਰੋਕ ਤੋਂ ਬਾਅਦ ਕੀਤਾ ਗਿਆ ਹੈ। ਇਸ ਰੋਕ ਦੌਰਾਨ ਸਰਕਾਰ ਨੇ ਮੌਜੂਦਾ ਪ੍ਰੋਗਰਾਮ ਦੀ ਸੰਪੂਰਨ ਸਮੀਖਿਆ ਕੀਤੀ ਸੀ।
ਏਸ਼ੀਆ ਯਾਤਰਾ ਦੌਰਾਨ ਪੂਰਬੀ ਏਸ਼ੀਆ ਸਿਖਰ ਸੰਮੇਲਨ ‘ਚ ਭਾਗ ਨਹੀਂ ਲੈਣਗੇ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ ਮਹੀਨੇ ਏਸ਼ੀਆ ਦੀ ਆਪਣੀ ਯਾਤਰਾ ਦੇ ਅੰਤ ਵਿਚ ਅਹਿਮ ਏਸ਼ੀਆ ਸਿਖਰ ਸੰਮੇਲਨ ਵਿਚ ਹਿੱਸਾ ਨਹੀਂ ਲੈਣਗੇ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ 14 ਨਵੰਬਰ ਨੂੰ ਅਮਰੀਕਾ ਪਰਤਣਗੇ ਅਤੇ ਇਸ ਦਿਨ ਫਿਲੀਪੀਨ ਵਿਚ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈ.ਏ.ਐੱਸ.) ਆਯੋਜਿਤ ਕੀਤਾ ਜਾਵੇਗਾ। ਟਰੰਪ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸਿਆਨ) ਸਿਖਰ ਸੰਮੇਲਨ ਵਿਚ ਭਾਗ ਲੈਣਗੇ, ਜਿਸ ਦਾ ਪ੍ਰਬੰਧ ਵੀ ਇਕ ਦਿਨ ਪਹਿਲਾਂ ਫਿਲੀਪੀਨ ਵਿਚ ਕੀਤਾ ਜਾਵੇਗਾ ਪਰ ਉਹ ਜ਼ਿਆਦਾ ਦਿਨ ਨਹੀਂ ਰੁਕਣਗੇ। ਅਮਰੀਕਾ ਦਾ ਇਕ ਹੋਰ ਪ੍ਰਤੀਨਿਧੀ ਮੰਡਲ ਈ. ਏ. ਐੱਸ. ਵਿਚ ਸ਼ਾਮਲ ਹੋਵੇਗਾ। ਈ. ਏ. ਐੱਸ. ਵਿਚ ਦਰਜਨ ਭਰ ਤੋਂ ਜ਼ਿਆਦਾ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਆਸਟਰੇਲੀਆ, ਨਿਊਜ਼ੀਲੈਂਡ ਅਤੇ ਰੂਸ ਵੀ ਸ਼ਾਮਲ ਹਨ। ਵ੍ਹਾਈਟ ਹਾਊਸ ਨੇ ਟਰੰਪ ਦੇ ਇਸ ਸੰਮੇਲਨ ਵਿਚ ਸ਼ਾਮਲ ਨਾ ਹੋਣ ਦਾ ਕੋਈ ਕਾਰਨ ਨਹੀਂ ਦੱਸਿਆ। ਏਸ਼ੀਆ ਦੀ ਆਪਣੀ ਪਹਿਲੀ ਯਾਤਰਾ ਵਿਚ ਟਰੰਪ 5 ਦੇਸ਼ਾਂ ਵਿਚ ਜਾਣਗੇ। ਇਸ 12 ਦਿਨੀਂ ਯਾਤਰਾ ਵਿਚ ਉਨ੍ਹਾਂ ਦਾ ਅੰਤਿਮ ਪੜਾਅ ਫਿਲੀਪੀਨ ਹੋਵੇਗਾ। ਅਜਿਹੀ ਸੰਭਾਵਨਾ ਹੈ ਕਿ ਇਸ ਯਾਤਰਾ ਦੌਰਾਨ ਟਰੰਪ ਖੇਤਰ ਵਿਚ ਅਮਰੀਕਾ ਦੇ ਸਹਿਯੋਗੀਆਂ ਤੋਂ ਮੰਗ ਕਰਨਗੇ ਕਿ ਉਹ ਉੱਤਰੀ ਕੋਰੀਆ ਉੱਤੇ ਪਰਮਾਣੂ ਹਥਿਆਰਾਂ ਦੇ ਤਿਆਗ ਕਰਨ ‘ਤੇ ਦਬਾਅ ਬਣਾਉਣ। ਉਹ ਇਸ ਯਾਤਰਾ ਵਿਚ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਸਬੰਧ ਵਿਚ ਵੀ ਗੱਲ ਕਰਨਗੇ