ਟਰੰਪ ਵੱਲੋਂ ਚੀਨ ਨੂੰ ਲੈ ਕੇ ਵੱਡਾ ਐਲਾਨ ਕਰਨ ਦਾ ਵਾਅਦਾ!

516
Share

-ਇਹ ਐਲਾਨ ਚੀਨ ਨੂੰ ਸਜ਼ਾ ਦੇਣ ਬਾਰੇ ਹੋਣ ਦੇ ਦਿੱਤੇ ਸੰਕੇਤ
ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਲੈ ਕੇ ਇਸ ਹਫਤੇ ਦੇ ਅਖੀਰ ਤੱਕ ਕੋਈ ਵੱਡੀ ਘੋਸ਼ਣਾ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਇਹ ਚੀਨ ਨੂੰ ਸਜ਼ਾ ਦੇਣ ਬਾਰੇ ਹੋ ਸਕਦਾ ਹੈ। ਟਰੰਪ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਸੀਂ ਕੁਝ ਕਰਨ ਜਾ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਲੋਕਾਂ ਨੂੰ ਪਸੰਦ ਆਵੇਗਾ ਪਰ ਇਸ ਦੀ ਘੋਸ਼ਣਾ ਮੈਂ ਅੱਜ ਨਹੀਂ ਕਰਾਂਗਾ। ਉਨ੍ਹਾਂ ਨੇ ਚੀਨ ਅਤੇ ਹਾਂਗਕਾਂਗ ਵਿਚਕਾਰ ਚੱਲ ਰਹੇ ਮਸਲੇ ਨੂੰ ਲੈ ਕੇ ਚੀਨ ‘ਤੇ ਪਾਬੰਦੀਆਂ ਲਗਾਉਣ ਦੇ ਸਵਾਲ ‘ਤੇ ਕਿਹਾ, ਇਸ ਦੀ ਘੋਸ਼ਣਾ ਤੁਸੀਂ ਇਸ ਹਫਤੇ ਦੇ ਅਖੀਰ ਤੱਕ ਸੁਣੋਗੇ ਅਤੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਖਤ ਫੈਸਲਾ ਹੋਣ ਵਾਲਾ ਹੈ।
ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਹਾਂਗਕਾਂਗ ਪ੍ਰਤੀ ਚੀਨ ਦੀ ਕਾਰਵਾਈ ਨਾਲ ਰਾਸ਼ਟਰਪਤੀ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ ਚੀਨ ਦੀ ਰਾਸ਼ਟਰੀ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਦੇ ਸਾਲਾਨਾ ਸੈਸ਼ਨ ‘ਚ ਸ਼ੁੱਕਰਵਾਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਹਾਂਗਕਾਂਗ ‘ਚ ਸਥਿਤ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ ਦੇ ਇਲਾਵਾ ਵਿਦੇਸ਼ੀ ਦਖਲ ‘ਤੇ ਰੋਕ ਲਗਾਉਣ ਲਈ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਐੱਨ.ਪੀ.ਸੀ. ਦਾ ਸਾਲਾਨਾ ਸੈਸ਼ਨ 28 ਮਈ ਨੂੰ ਖਤਮ ਹੋਵੇਗਾ ਅਤੇ ਅਜਿਹੀ ਉਮੀਦ ਹੈ ਕਿ ਇਸ ਤੋਂ ਪਹਿਲਾਂ ਹੀ ਕਾਨੂੰਨ ਨੂੰ ਲੈ ਕੇ ਐੱਨ.ਪੀ.ਸੀ. ਵਿਚ ਵੋਟਿੰਗ ਹੋਵੇਗੀ। ਇਹ ਪ੍ਰਸਤਾਵ ਪਾਸ ਹੋਣ ਦੇ ਬਾਅਦ ਕਾਨੂੰਨ ਜਾ ਰੂਪ ਲੈ ਲਵੇਗਾ ਅਤੇ ਜੂਨ ਦੇ ਅਖੀਰ ਤੱਕ ਹਾਂਗਕਾਂਗ ‘ਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਘੋਸ਼ਣਾ ਦੇ ਬਾਅਦ ਤੋਂ ਹੀ ਕੌਮਾਂਤਰੀ ਪੱਧਰ ‘ਤੇ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ।


Share