ਟਰੰਪ ਵੱਲੋਂ ਐਚ-1ਬੀ ਵੀਜ਼ਾ ਸੋਧ ਬਿੱਲ ਦੀ ਹਮਾਇਤ

ਆਈ.ਟੀ. ਮਾਹਿਰਾਂ ਦੀ ਘੱਟੋ-ਘੱਟ ਤਨਖਾਹ ਵਧਾਉਣ ਦੀ ਤਜਵੀਜ਼
ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਐਚ-1ਬੀ ਵੀਜ਼ਾ ਸੋਧ ਬਿੱਲ ਜਿਸ ਵਿਚ ਆਈ.ਟੀ. ਮਾਹਿਰਾਂ ਦੀ ਘੱਟੋ-ਘੱਟ ਤਨਖ਼ਾਹ ਵਧਾਉਣ ਦੀ ਤਜਵੀਜ਼ ਹੈ, ਉਸ ਦੀ ਹਮਾਇਤ ਕੀਤੀ ਹੈ। ਅਮਰੀਕੀ ਕਾਨੂੰਨ ਘਾੜੇ ਅਨੁਸਾਰ ਭਾਰਤੀ ਕੰਪਨੀਆਂ ਦੀਆਂ ਗ਼ਲਤ ਨੀਤੀਆਂ ਕਾਰਨ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਕੁਝ ਦਿਨ ਪਹਿਲਾਂ ਐਚ-1ਬੀ ਵੀਜ਼ਾ ਸੋਧ ਬਿੱਲ ਸੰਸਦ ਵਿਚ ਪੇਸ਼ ਕਰਨ ਵਾਲੇ ਕਾਂਗਰਸਮੈਨ ਡੈਨੀਅਲ ਈਸਾ ਨੇ ਆਖਿਆ ਕਿ ਇਸ ਨਾਲ ਹੁਣ ਆਈ.ਟੀ. ਖੇਤਰ ਦਾ ਸਭ ਤੋਂ ਉੱਤਮ ਟੇਲੈਂਟ ਅਮਰੀਕਾ ਵਿਚ ਆਵੇਗਾ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਟਰੰਪ ਇਸ ਬਿੱਲ ਦੇ ਹੱਕ ਵਿਚ ਹਨ ਤੇ ਉਮੀਦ ਹੈ ਕਿ ਸੈਨੇਟ ਵਿਚ ਇਸ ਨੂੰ ਹਮਾਇਤ ਹਾਸਲ ਹੋਵੇਗੀ।
ਵਾਸ਼ਿੰਗਟਨ ਵਿਚ ਐਥਲੈਟਿਕ ਕੌਂਸਲ ਦੇ ਸਮਾਗਮ ਵਿਚ ਸ਼ਾਮਲ ਲੋਕਾਂ ਨਾਲ ਗੱਲਬਾਤ ਕਰਦਿਆਂ ਡੈਨੀਅਲ ਨੇ ਆਖਿਆ ਕਿ ਭਾਰਤੀ ਆਈ.ਟੀ. ਕੰਪਨੀਆਂ ਨੇ ਪੂਰੇ ਸਿਸਟਮ ਨਾਲ ਖਿਲਵਾੜ ਕੀਤਾ ਹੈ ਤੇ ਪੂਰੇ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕੀਤੀ। ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਐਚ-1ਬੀ ਵੀਜ਼ਾ ਬਿੱਲ ਦਾ ਮਤਲਬ ਇਹ ਨਹੀਂ ਕਿ ਇਸ ਨਾਲ ਸਿਰਫ਼ ਭਾਰਤੀ ਕੰਪਨੀਆਂ ਨੂੰ ਟਾਰਗੈਟ ਕਰਨਾ ਹੈ।
ਉਨ੍ਹਾਂ ਆਖਿਆ ਕਿ ਸੋਧ ਬਿੱਲ ਦਾ ਮਤਲਬ ਸਿਰਫ਼ ਇਹ ਹੈ ਕਿ ਅਮਰੀਕਾ ਵਿਚ ਯੋਗ ਅਤੇ ਉੱਨਤ ਕਾਮੇ ਆਉਣ। ਉਨ੍ਹਾਂ ਆਖਿਆ ਕਿ ਐਚ-1ਬੀ ਵੀਜ਼ਾ ਵਿਚ ਤਨਖ਼ਾਹਾਂ ਵਿਚ ਕੀਤੇ ਗਏ ਵਾਧਾ ਦਾ ਭਾਵ ਵੀ ਇਹ ਹੈ ਕਿ ਜੋ ਲੋਕ ਇਸ ਕੈਟਾਗਰੀ ਤਹਿਤ ਅਮਰੀਕਾ ਵਿਚ ਆਉਣ, ਉਹ ਉੱਚ ਪੱਧਰਾ ਜੀਵਨ ਬਸਰ ਕਰ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਸਾਇੰਸ, ਤਕਨੀਕ, ਇੰਜੀਨੀਅਰਿੰਗ ਤੇ ਮੈਥ ਦੀ ਡਿਗਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 60,000 ਡਾਲਰ ਸਾਲਾਨਾ ਤਨਖ਼ਾਹ ਨਹੀਂ ਮਿਲਦੀ।
ਯਾਦ ਰਹੇ ਐਚ-1ਬੀ ਵੀਜ਼ਾ ਕੈਟਾਗਰੀ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਉਨ੍ਹਾਂ ਦੇ ਕੰਮ ਦੇ ਆਧਾਰ ਉੱਤੇ ਅਮਰੀਕਾ ਵਿਚ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸ ਵੀਜ਼ਾ ਕੈਟਾਗਰੀ ਦੀ ਆੜ ਵਿਚ ਹਜ਼ਾਰਾਂ ਕਾਮੇ ਪਿਛਲੇ ਸਾਲਾਂ ਦੌਰਾਨ ਅਮਰੀਕਾ ਵਿਚ ਪਹੁੰਚੇ। ਇਨ੍ਹਾਂ ਵਿਚੋਂ ਜ਼ਿਆਦਾਤਰ ਆਈ.ਟੀ. ਕਾਮੇ ਭਾਰਤੀ ਹਨ।
There are no comments at the moment, do you want to add one?
Write a comment