ਟਰੰਪ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਅਮਲ ਸ਼ੁਰੂ

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਟਰੰਪ ਸਰਕਾਰ ਨੇ ਕਮਰ ਕੱਸ ਲਈ ਹੈ ਅਤੇ ਛੇਤੀ ਹੀ ਇਸ ਯੋਜਨਾ ‘ਤੇ ਅਮਲ ਸ਼ੁਰੂ ਕਰ ਕੀਤਾ ਜਾ ਰਿਹਾ ਹੈ। ਅਮਰੀਕਾ ਸਰਕਾਰ ਦੇ ਇਸ ਰੁਖ਼ ਨਾਲ ਪੰਜਾਬੀਆਂ ਵਿਚ ਵੀ ਸਹਿਮ ਪੈਦਾ ਹੋ ਗਿਆ ਹੈ। ਇਕ ਰਿਪੋਰਟ ਅਨੁਸਾਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਇਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਯੋਜਨਾ ਨੂੰ ਮਿਸ਼ਨ ਦੇ ਰੂਪ ਵਿਚ ਲਿਆ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਜਹਾਜ਼ ਚੜ੍ਹਾ ਦਿੱਤਾ ਜਾਵੇਗਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਕੈਨ ਕੁਚੀਨੈਲੀ ਨੇ ਕਿਹਾ ਕਿ ਇਹ ਫੈਸਲਾ ਇੰਮੀਗ੍ਰੇਸ਼ਨ ਕਸਟਮਜ਼ ਵਿਭਾਗ ਦੁਆਰਾ ਲਿਆ ਜਾਵੇਗਾ ਕਿ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲੈਣ ਲਈ ਕੀ-ਕੀ ਤਰੀਕੇ ਅਪਣਾਏ ਜਾਣ। ਉਨ੍ਹਾਂ ਕਿਹਾ ਹੈ ਕਿ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਕਿਸੇ ਵੀ ਪ੍ਰਵਾਸੀ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਕੈਨ ਕੁਚੀਨੈਲੀ ਇਕ ਅਜਿਹੀ ਏਜੰਸੀ ਦੀ ਅਗਵਾਈ ਕਰ ਰਹੇ ਹਨ, ਜੋ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਦੀ ਬਿਹਤਰੀ ਲਈ ਕੰਮ ਕਰਨ ਪ੍ਰਤੀ ਵਚਨਬੱਧ ਹੈ। ਪਰ ਉਨ੍ਹਾਂ ਵੱਲੋਂ ਲਗਾਤਾਰ ਹੋਮਲੈਂਡ ਸਕਿਓਰਿਟੀ ਵਿਭਾਗ ਅਧੀਨ ਆਉਂਦੇ ਵਿਭਾਗਾਂ ਨਾਲ ਗੈਰਕਾਨੂੰਨੀ ਪ੍ਰਵਾਸੀਆਂ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਸਿਰਫ ਐਨਾ ਹੀ ਨਹੀਂ, ਟੈਲੀਵਿਜ਼ਨ ‘ਤੇ ਇੰਟਰਵਿਊ ਦੌਰਾਨ ਉਹ ਡੈਮੋਕ੍ਰੇਟਿਕ ਪਾਰਟੀ ‘ਤੇ ਵਰ੍ਹਦੇ ਵੀ ਵੇਖੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੈਨ ਕੁਚੀਨੈਲੀ ਨੇ ਇਕ ਮਹੀਨਾ ਪਹਿਲਾਂ ਹੀ ਕਾਰਜਕਾਰੀ ਮੁਖੀ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਮਗਰੋਂ ਪ੍ਰਵਾਸੀਆਂ ਦੀ ਫੜੋ-ਫੜੀ ਲਗਾਤਾਰ ਤੇਜ਼ ਹੋ ਰਹੀ ਹੈ। ਪ੍ਰਵਾਸੀਆਂ ਨੂੰ ਘੇਰਨ ਦੀ ਮੁਹਿਮ ਰਾਹੀਂ ਟਰੰਪ ਸਰਕਾਰ ਉਨ੍ਹਾਂ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦੀ ਹੈ, ਜੋ ਮੈਕਸੀਕੋ ਰਾਹੀਂ ਅਮਰੀਕਾ ਦੀ ਸਰਹੱਦ ਵੱਲ ਵੱਧ ਰਹੇ ਹਨ। ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਨਵੀਂ ਮੁਹਿੰਮ ਤਹਿਤ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਵਰਣਨਯੋਗ ਹੈ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਨੇ ਪਿਛਲੇ ਸਾਲ ਢਾਈ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਸੀ ਪਰ ਡਿਪੋਰਟੇਸ਼ਨ ਦਾ ਸਭ ਤੋਂ ਵੱਡਾ ਅੰਕੜਾ 2012 ‘ਚ ਓਬਾਮਾ ਸਰਕਾਰ ਵੇਲੇ ਦਰਜ ਕੀਤਾ ਗਿਆ, ਜਦੋਂ 4 ਲੱਖ 10 ਹਜ਼ਾਰ ਪ੍ਰਵਾਸੀ ਡਿਪੋਰਟ ਕੀਤੇ ਗਏ ਸਨ।