ਟਰੰਪ ਪ੍ਰਸ਼ਾਸਨ ਵਲੋਂ ਰਾਸ਼ਟਰਪਤੀ ਤਬਦੀਲੀ ਦੀਆਂ ਤਿਆਰੀਆਂ ‘ਚ ਨਹੀਂ ਦਿੱਤਾ ਜਾ ਰਿਹਾ ਸਹਿਯੋਗ

255
Share

ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਵਲੋਂ ਇੱਕ ਪਾਸੇ ਦੇਸ਼ ਦੀ ਕਮਾਂਡ ਸੰਭਾਲਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਚਾਰ ਟੀਮ 2020 ਦੀਆਂ ਰਾਸ਼ਟਰਪਤੀ ਚੋਣਾਂ ਅਜੇ ਤੱਕ ਨਾ ਮੁੱਕਣ ਦੀ ਗੱਲ ਕਰਦਿਆਂ ‘ਸਹੀ ਅਤੇ ਇਮਾਨਦਾਰ ਢੰਗ ਨਾਲ ਵੋਟਾਂ ਦੀ ਗਿਣਤੀ ਲਈ’ ਸਾਰੇ ਸੰਭਵ ਤਰੀਕੇ ਅਪਣਾਊਣ ਦੇ ਸੰਕੇਤ ਦੇ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ 3 ਨਵੰਬਰ ਨੂੰ ਮੁਕੰਮਲ ਹੋਈਆਂ ਚੋਣਾਂ ਵਿਚ ਹਾਰ ਮੰਨਣ ਤੋਂ ਇਨਕਾਰ ਕਰਦਿਆਂ ਫਸਵੀਂ ਟੱਕਰ ਵਾਲੇ ਕਈ ਸੂਬਿਆਂ ਵਿਚ ਕਾਨੂੰਨੀ ਲੜਾਈ ਵਿੱਢੀ ਹੈ ਪ੍ਰੰਤੂ ਵੋਟਰ ਬੇਨਿਯਮੀਆਂ ਜਾਂ ਵੱਡੇ ਪੱਧਰ ‘ਤੇ ਧਾਂਦਲੀਆਂ ਦੇ ਕੋਈ ਸਬੂਤ ਨਹੀਂ ਹਨ। ਟਰੰਪ ਪ੍ਰਸ਼ਾਸਨ ਵਲੋਂ ਰਾਸ਼ਟਰਪਤੀ ਤਬਦੀਲੀ ਦੀਆਂ ਤਿਆਰੀਆਂ ਵਿਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਟਰੰਪ ਨੇ ਸਰਕਾਰੀ ਅਧਿਕਾਰੀਆਂ ਨੂੰ ਬਾਇਡਨ ਟੀਮ ਨਾਲ ਸਹਿਯੋਗ ਤੋਂ ਰੋਕ ਦਿੱਤਾ ਗਿਆ ਹੈ। ਰਾਸ਼ਟਰਪਤੀ ਵਲੋਂ ਨਤੀਜੇ ਮੰਨਣ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਚੋਣ ਵਿਵਾਦ ਮੱਧ ਦਸੰਬਰ ਤੱਕ ਜਾਂ ਉਦੋਂ ਤੱਕ ਚੱਲ ਸਕਦਾ ਹੈ, ਜਦੋਂ ਤੱਕ ਸੂਬੇ ਆਪਣੀ ਗਿਣਤੀ ਦੀ ਤਸਦੀਕ ਨਹੀਂ ਕਰਦੇ। ਮੱਧ ਦਸੰਬਰ ‘ਚ 538 ਮੈਂਬਰੀ ਇਲੈਕਟੋਰਲ ਕਾਲਜ ਵਲੋਂ ਵੋਟ ਪਾਈ ਜਾਣੀ ਹੈ। ਸੋਮਵਾਰ ਨੂੰ ਬਾਇਡਨ ਨੇ ਟਾਸਕ ਫੋਰਸ ਦਾ ਗਠਨ ਕੀਤਾ, ਜੋ ਉਨ੍ਹਾਂ ਨੂੰ ਕਰੋਨਾਵਾਇਰਸ ਮਹਾਮਾਰੀ ਦੇ ਟਾਕਰੇ ਲਈ ਰਾਹ ਦਿਖਾਏਗੀ। ਦੂਜੇ ਪਾਸੇ, ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਨੇ ਚੋਣਾਂ ‘ਚ ਧਾਂਦਲੀਆਂ ਦੇ ਦਾਅਵੇ ਕੀਤੇ। ਟਰੰਪ ਦੇ ਪ੍ਰਚਾਰ ਸਲਾਹਕਾਰ ਮੈਕਇਨਾਨੀ ਨੇ ਕਿਹਾ, ”ਇਹ ਚੋਣ ਅਜੇ ਖ਼ਤਮ ਹੋਣ ਤੋਂ ਬਹੁਤ ਦੂਰ ਹੈ। ਅਸੀਂ ਹਾਲੇ ਸਹੀ ਅਤੇ ਇਮਾਨਦਾਰ ਢੰਗ ਨਾਲ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਕੇਵਲ ਸ਼ੁਰੂ ਕੀਤੀ ਹੈ।” ਉਨ੍ਹਾਂ ਡੈਮੋਕਰੈਟਿਕ ਪਾਰਟੀ ‘ਤੇ ਵਰ੍ਹਦਿਆਂ ਗੈਰਕਾਨੂੰਨੀ ਵੋਟਾਂ ਪਵਾਉਣ ਅਤੇ ਬੇਨਿਯਮੀਆਂ ਕਰਨ ਦੇ ਦੋਸ਼ ਲਾਏ। ਇਸੇ ਦੌਰਾਨ ਅਮਰੀਕਾ ਦੇ ਅਟਾਰਨੀ ਜਨਰਲ ਵਿਲੀਅਮ ਬਾਰ ਵਲੋਂ ਨਿਆਂ ਵਿਭਾਗ ਨੂੰ ਰਾਸ਼ਟਰਪਤੀ ਚੋਣ 2020 ‘ਚ ਕਥਿਤ ਧਾਂਦਲੀਆਂ ਦੀ ਜਾਂਚ ਦੇ ਅਧਿਕਾਰ ਦਿੱਤੇ ਗਏ ਹਨ। ਚੋਣਾਂ ‘ਚ ਧਾਂਦਲੀਆਂ ਦੇ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਰਾਸ਼ਟਰਪਤੀ ਟਰੰਪ ਦੇ ਵਾਰ-ਵਾਰ ਕੀਤੇ ਜਾ ਰਹੇ ਦਾਅਵਿਆਂ ਕਾਰਨ ਬਾਰ ਵਲੋਂ ਜਾਂਚ ਆਦੇਸ਼ ਦਿੱਤੇ ਗਏ ਹਨ।
ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਵਜੋਂ ਹੈਰਿਸ ਦੀ ਚੋਣ ਲਿੰਗ ਸਮਾਨਤਾ ਲਈ ਮੀਲ-ਪੱਥਰ
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੀ ਉੱਚ ਲੀਡਰਸ਼ਿਪ ਨੇ ਡੈਮੋਕਰੈਟ ਕਮਲਾ ਹੈਰਿਸ ਦੀ ਅਮਰੀਕਾ ਦੀ ਪਹਿਲੀ ਸਿਆਹਫ਼ਾਮ ਤੇ ਦੱਖਣ-ਏਸ਼ਿਆਈ ਮੂਲ ਦੀ ਮਹਿਲਾ ਰਾਸ਼ਟਰਪਤੀ ਵਜੋਂ ਹੋਈ ਚੋਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਲਿੰਗ ਸਮਾਨਤਾ ਲਈ ਮੀਲ ਦਾ ਪੱਥਰ ਦੱਸਿਆ ਹੈ। ਰੋਜ਼ਾਨਾ ਦੀ ਪ੍ਰੈੱਸ ਵਾਰਤਾ ਦੌਰਾਨ ਹੈਰਿਸ ਦੀ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਚੁਣੇ ਜਾਣ ‘ਤੇ ਪ੍ਰਤੀਕਿਰਿਆ ਸਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ, ਗੁਟੇਰੇਜ਼ ਹਮੇਸ਼ਾਂ ਖੁਸ਼ ਹੁੰਦੇ ਹਨ ਅਤੇ ਉਹ ਹਮੇਸ਼ਾਂ ਅਜਿਹੇ ਘਟਨਾਕ੍ਰਮਾਂ ਦਾ ਸੁਆਗਤ ਕਰਦੇ ਹਨ, ਜਿੱਥੇ ਮਹਿਲਾ ਆਗੂਆਂ ਨੂੰ ਨਵੀਂ ਭੂਮਿਕਾ ਨਿਭਾਉਣ ਦਾ ਮੌਕਾ ਮਿਲਦਾ ਹੈ।’


Share