ਟਰੰਪ ਪ੍ਰਸ਼ਾਸਨ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦੀ ਬਣਾਈ ਯੋਜਨਾ

ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਨਵੇਂ ਡਾਟਾ ਨਾਲ ਘਬਰਾਏ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਈ-ਸਿਗਰਟ ‘ਤੇ ਪਾਬੰਦੀ ਲਗਾਉਣ ਦਾ ਯੋਜਨਾ ਬਣਾਈ ਹੈ। ਵੱਖ-ਵੱਖ ਸੁਆਦਾਂ ਵਾਲੀ ਈ-ਸਿਗਰਟ ਕਾਰਨ ਵੱਧਦੇ ਸਿਹਤ ਸੰਬੰਧੀ ਖਤਰਿਆਂ ਨੂੰ ਦੇਖਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸ਼ਨ ਇਨ੍ਹਾਂ ‘ਤੇ ਪਾਬੰਦੀ ਲਗਾਉਣ ਦਾ ਵਿਚਾਰ ਕਰ ਰਿਹਾ ਹੈ। ਗੌਰਤਲਬ ਹੈ ਕਿ ਕਈ ਲੋਕਾਂ ਦੀ ਮੌਤ ਦਾ ਸੰਬੰਧ ਈ-ਸਿਗਰਟ ਨਾਲ ਪਾਇਆ ਗਿਆ ਹੈ। ਅਮਰੀਕਾ ਦੇ 33 ਰਾਜਾਂ ਵਿਚ 6 ਲੋਕਾਂ ਦੀ ਮੌਤ ਅਤੇ ਫੇਫੜੇ ਦੀਆਂ ਬੀਮਾਰੀਆਂ ਦੇ 450 ਮਾਮਲਿਆਂ ਦੇ ਪਿੱਛੇ ਈ-ਸਿਗਰਟ ਪਾਣੀ ਮੁੱਖ ਕਾਰਨ ਪਾਇਆ ਗਿਆ। ਇਨ੍ਹਾਂ 450 ਮਾਮਲਿਆਂ ਵਿਚ ਜ਼ਿਆਦਾਤਰ ਪੀੜਤ ਔਸਤਨ 19 ਸਾਲੇ ਦੇ ਨੌਜਵਾਨ ਵਰਗ ਦੇ ਹਨ।
ਈ-ਸਿਗਰਟ ਨੂੰ ਵੇਪਿੰਗ ਕਹਿੰਦੇ ਹਨ। ਟਰੰਪ ਮੁਤਾਬਕ ਵੇਪਿੰਗ ਇਕ ਨਵੀਂ ਸਮੱਸਿਆ ਹੈ। ਬੁੱਧਵਾਰ ਨੂੰੰ ਓਵਲ ਦਫਤਰ ਦੀ ਇਕ ਬੈਠਕ ਵਿਚ ਮੇਲਾਨੀਆ ਟਰੰਪ, ਸਿਹਤ ਤੇ ਮਨੁੱਖੀ ਸੇਵਾ ਸਕੱਤਰ ਐਲੇਕਸ ਅਜ਼ਾਰ ਅਤੇ ਕਾਰਜਕਾਰੀ ਖਾਧ ਤੇ ਡਰੱਗਜ਼ ਪ੍ਰਸ਼ਾਸਨ ਕਮਿਸ਼ਨਰ ਨੈਡ ਸ਼ਾਰਪਲੇਸ ਸ਼ਾਮਲ ਸਨ। ਟਰੰਪ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਬੀਮਾਰ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ। ਅਸੀਂ ਆਪਣੇ ਨੌਜਵਾਨਾਂ ਨੂੰ ਇੰਨਾ ਪ੍ਰਭਾਵਿਤ ਨਹੀਂ ਹੋਣ ਦੇ ਸਕਦੇ। ਟਰੰਪ ਨੇ ਕਿਹਾ ਕਿ ਫਸਟ ਲੇਡੀ ਮੇਲਾਨੀਆ ਟਰੰਪ ਨੇ ਮੰਗਲਵਾਰ ਨੂੰ ਵੈਪਿੰਗ ਸਬੰਧੀ ਚਿਤਾਵਨੀ ਵਾਲਾ ਟਵੀਟ ਕੀਤਾ ਸੀ। ਉਹ ਆਪਣੇ 13 ਸਾਲਾ ਬੇਟੇ ਬੈਰੋਨ ਦੇ ਕਾਰਨ ਇਸ ਮੁੱਦੇ ਦੇ ਬਾਰੇ ਵਿਚ ਬਹੁਤ ਦ੍ਰਿੜ੍ਹ ਹੈ। ਵੇਪਿੰਗ ਦੇ ਬਾਰੇ ਵਿਚ ਸਿਹਤ ਸਕੱਤਰ ਨਾਲ ਮੁਲਾਕਾਤ ਦੇ ਬਾਅਦ ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,”ਮੌਤ ਦੇ ਮਾਮਲੇ ਹਨ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੀ ਹਨ।”
ਟਰੰਪ ਪ੍ਰਸ਼ਾਸਨ ਦਾ ਇਹ ਕਦਮ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਦੇਸ਼ ਭਰ ਵਿਚ ਸਿਹਤ ਅਧਿਕਾਰੀ ਵੈਪਿੰਗ ਕਾਰਨ ਹੋਈ ਫੇਫੜਿਆਂ ਦੀ ਬੀਮਾਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਵੈਪਿੰਗ ਕਾਰਨ ਫੇਫੜਿਆਂ ਦੀ ਬੀਮਾਰੀ ਦੇ 450 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ 6 ਤੋਂ ਵੱਧ ਮੌਤਾਂ ਹੋਈਆਂ ਹਨ। ਕਈ ਰੋਗੀਆਂ ਨੇ ਕੈਨੇਬੀ ਨਾਲ ਸਬੰਧਤ ਉਤਪਾਦਾਂ ਦੀ ਵਰਤੋਂ ਕਰਨ ਦੀ ਸੂਚਨਾ ਦਿੱਤੀ ਹੈ ਪਰ ਅਧਿਕਾਰੀਆਂ ਨੇ ਕਿਸੇ ਵਿਸ਼ੇਸ਼ ਕਿਸਮ ਦੇ ਵੈਪਿੰਗ ਤੋਂ ਇਨਕਾਰ ਨਹੀਂ ਕੀਤਾ ।
ਅਜ਼ਾਰ ਨੇ ਕਿਹਾ ਕਿ ਪ੍ਰਸ਼ਾਸਨ ਵਿਗੜਦੀ ਹੋਈ ਨੌਜਵਾਨ ਮਹਾਮਾਰੀ ਨੂੰ ਰੋਕਣ ਲਈ ਫਲੇਵਰਡ ਈ-ਸਿਗਰਟ ਨੂੰ ਬਾਜ਼ਾਰੋਂ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ 2019 ਦੇ ‘ਨੈਸ਼ਨਲ ਯੂਥ ਟੋਬੈਕੋ’ ਸਰਵੇ ਦੇ ਸ਼ੁਰੂਆਤੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਈ-ਸਿਗਰਟ ਪੀਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹਾਈ ਸਕੂਲ ਦੇ ਇਕ ਚੌਥਾਈ ਤੋਂ ਵੱਧ ਵਿਦਿਆਰਥੀਆਂ ਨੇ ਪਿਛਲੇ 30 ਦਿਨਾਂ ਵਿਚ ਈ-ਸਿਗਰਟ ਪੀਤੀ ਜੋ ਸਾਲ 2018 ਦੀ ਤੁਲਨਾ ਵਿਚ 20 ਫੀਸਦੀ ਤੋਂ ਥੋੜ੍ਹਾ ਵੱਧ ਹੈ।