ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

* ਵ੍ਹਾਈਟ ਹਾਊਸ ‘ਚ ਦੀਵਾਲੀ ਸਮਾਗਮ ‘ਚ ਕੀਤਾ ਐਲਾਨ
ਵਾਸ਼ਿੰਗਟਨ, 15 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਪੀਲ ਕੋਰਟ ‘ਚ ਖਾਲੀ ਹੋਏ ਜੱਜ ਦੇ ਅਹੁਦੇ ‘ਤੇ ਨਿਯੁਕਤੀ ਲਈ ਭਾਰਤੀ ਮੂਲ ਦੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਹੈ। ਇਹ ਅਹੁਦਾ ਅਪੀਲ ਕੋਰਟ ਦੇ ਜੱਜ ਬ੍ਰੈਟ ਕੈਵਨਾਘ ਦੀ ਸੁਪਰੀਮ ਕੋਰਟ ‘ਚ ਨਿਯੁਕਤੀ ਦੇ ਬਾਅਦ ਖਾਲੀ ਹੋਇਆ ਹੈ।
ਵ੍ਹਾਈਟ ਹਾਊਸ ‘ਚ ਮੰਗਲਵਾਰ ਨੂੰ ਮਨਾਏ ਗਏ ਦੀਵਾਲੀ ਸਮਾਗਮ ਦੌਰਾਨ ਟਰੰਪ ਨੇ 45 ਸਾਲਾ ਰਾਓ ਨੂੰ ਵਾਸ਼ਿੰਗਟਨ ਡੀਸੀ ਦੇ ਸਰਕਟ ਕੋਰਟ ਦੇ ਜੱਜ ਦੇ ਤੌਰ ‘ਤੇ ਨਾਮਜ਼ਦ ਕਰਨ ਦਾ ਐਲਾਨ ਕੀਤਾ। ਅਮਰੀਕਾ ‘ਚ ਸੁਪਰੀਮ ਕੋਰਟ ਦੇ ਬਾਅਦ ਇਸ ਅਦਾਲਤ ਨੂੰ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਰਾਓ ਦੇ ਨਾਂ ‘ਤੇ ਸੈਨੇਟ ਦੀ ਮੋਹਰ ਲੱਗਣ ‘ਤੇ ਉਹ ਇਸ ਪ੍ਰਭਾਵਸ਼ਾਲੀ ਕੋਰਟ ‘ਚ ਨਿਯੁਕਤੀ ਲੈਣ ਵਾਲੀ ਦੂਜੀ ਭਾਰਤਵੰਸ਼ੀ ਬਣ ਜਾਵੇਗੀ। ਇਸ ਤੋਂ ਪਹਿਲਾਂ ਇਸ ਕੋਰਟ ‘ਚ ਸ਼੍ਰੀਨਿਵਾਸਨ ਨੂੰ ਓਬਾਮਾ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤਾ ਗਿਆ ਸੀ। ਰਾਓ ਨੂੰ ਨਾਮਜ਼ਦ ਕਰਨ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਖ਼ਾਸ ਬਣਨ ਜਾ ਰਹੇ ਹਨ। ਇਸ ‘ਤੇ ਰਾਓ ਨੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਰਾਓ ਇਸ ਸਮੇਂ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਦੀ ਪ੍ਰਸ਼ਾਸਕ ਹੈ। ਇਸ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ ‘ਤੇ ਜੁਲਾਈ, 2017 ‘ਚ ਸੈਨੇਟ ਨੇ 41 ਦੇ ਮੁਕਾਬਲੇ 54 ਵੋਟਾਂ ਨਾਲ ਮੋਹਰ ਲਗਾਈ ਸੀ। ਉਹ ਸੁਪਰੀਮ ਕੋਰਟ ਦੇ ਜੱਜ ਕਲੇਰੈਂਸ ਥਾਮਸ ਦੀ ਕਲਰਕ ਵੀ ਰਹਿ ਚੁੱਕੀ ਹੈ।