ਟਰੰਪ ਨੇ ਕਰੋਨਾ ਕਾਰਨ ਗ੍ਰੀਨ ਕਾਰਡਾਂ ਅਤੇ ਵਰਕਿੰਗ ਵੀਜ਼ਾ ’ਤੇ ਰੋਕ ਨੂੰ 31 ਮਾਰਚ ਤੱਕ ਵਧਾਇਆ

77
Share

ਵਾਸ਼ਿੰਗਟਨ, 1 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਰੋਨਾ ਮਹਾਮਾਰੀ ਕਾਰਨ ਗ੍ਰੀਨ ਕਾਰਡਾਂ ਅਤੇ ਵਰਕਿੰਗ ਵੀਜ਼ਾ ’ਤੇ ਰੋਕ ਨੂੰ 31 ਮਾਰਚ ਤੱਕ ਵਧਾ ਦਿੱਤਾ ਹੈ। ਦੂਜੇ ਪਾਸੇ ਇਕ ਸੰਘੀ ਅਦਾਲਤ ਨੇ ਇਸ ਨਿਯਮ ’ਤੇ ਟਰੰਪ ਦਾ ਸਮਰਥਨ ਕੀਤਾ ਕਿ ਨਵੇਂ ਪਰਵਾਸੀਆਂ ਨੂੰ ਆਪਣਾ ਸਿਹਤ ਬੀਮਾ ਕਰਵਾਉਣਾ ਪਏਗਾ।

ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਅਤੇ ਵੈਕਸੀਨ ਉਪਲਬਧ ਹੈ ਪਰ ਕਿਰਤ ਬਾਜ਼ਾਰ ਅਤੇ ਭਾਈਚਾਰਕ ਸਿਹਤ ’ਤੇ ਮਹਾਮਾਰੀ ਦਾ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਇਸ ਫ਼ੈਸਲੇ ਨਾਲ ਵੱਡੀ ਗਿਣਤੀ ਵਿਚ ਭਾਰਤੀ ਆਈ.ਟੀ.ਪੇਸ਼ੇਵਰਾ ਅਤੇ ਕਈ ਅਮਰੀਕੀ ਤੇ ਭਾਰਤੀ ਕੰਪਨੀਆਂ ਪ੍ਰਭਾਵਿਤ ਹੋਣਗੀਆਂ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਜਾਰੀ ਕੀਤਾ ਸੀ।
ਟਰੰਪ ਨੇ ਪਿਛਲੇ ਸਾਲ 22 ਅਪ੍ਰੈਲ ਅਤੇ 22 ਜੂਨ ਵਿਭਿੰਨ ਸ਼੍ਰੇਣੀਆਂ ਦੇ ਕਾਰਜ਼ ਵੀਜ਼ਾ ’ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਉਕਤ ਆਦੇਸ਼ 31 ਦਸੰਬਰ ਨੂੰ ਖਤਮ ਹੋ ਰਿਹਾ ਸੀ ਅਤੇ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਵੀਰਵਾਰ ਨੂੰ ਇਸ ਨੂੰ 31 ਮਾਰਚ ਤੱਕ ਵਧਾਉਣ ਦੀ ਘੋਸ਼ਣਾ ਕੀਤੀ। ਉੱਥੇ ਦੂਜੇ ਪਾਸੇ ਇਕ ਸੰਘੀ ਅਦਾਲਤ ਨੇ ਇਸ ਨਿਯਮ ’ਤੇ ਟਰੰਪ ਦਾ ਸਮਰਥਨ ਕੀਤਾ ਹੈ ਕਿ ਨਵੇਂ ਪ੍ਰਵਾਸੀਆਂ ਨੂੰ ਆਪਣਾ ਖੁਦ ਦਾ ਸਿਹਤ ਬੀਮਾ ਕਰਵਾਉਣਾ ਹੋਵੇਗਾ। ਸਾਲ 2020 ਦੇ ਆਖਰੀ ਦਿਨ ਹੋਈਆਂ ਇਹਨਾਂ ਦੋ ਤਬਦੀਲੀਆਂ ਨੇ ਇਹ ਦਿਖਾਇਆ ਕਿ ਕਾਂਗਰਸ ਤੋਂ ਸਮਰਥਨ ਨਾ ਮਿਲਣ ਦੇ ਬਾਵਜੂਦ ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਪਾਬੰਦੀਸ਼ੁਦਾ ਬਣਾਉਣ ਵਿਚ ਸਫਲ ਰਹੇ ਹਨ।
ਉਂਝ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਦੇ ਕਈ ਫ਼ੈਸਲਿਆਂ ਨੂੰ ਪਲਟਣ ਦਾ ਵਾਅਦਾ ਕੀਤਾ ਹੈ ਪਰ ਇਹ ਸਪਸ਼ੱਟ ਨਹੀਂ ਹੈ ਕਿ ਇਹ ਕਿੰਨੀ ਜਲਦੀ ਅਤੇ ਕਿਸ ਹੱਦ ਤੱਕ ਸੰਭਵ ਹੋ ਸਕੇਗਾ। ਸੰਘੀ ਜੱਜਾਂ ਨੇ ਮਹਾਮਾਰੀ ਸੰਬੰਧੀ ਵੀਜ਼ਾ ਪਾਬੰਦੀਆਂ ਦੇ ਅਸਰ ਨੂੰ ਸੀਮਤ ਕਰ ਦਿੱਤਾ ਸੀ। ਅਪ੍ਰੈਲ ਵਿਚ ਟਰੰਪ ਨੇ ਉਨ੍ਹਾਂ ਗ੍ਰੀਨ ਕਾਰਡਾਂ ’ਤੇ ਰੋਕ ਲਗਾ ਦਿੱਤੀ ਸੀ, ਜੋ ਮੁੱਖ ਰੂਪ ਨਾਲ ਅਮਰੀਕਾ ਵਿਚ ਪਹਿਲਾਂ ਤੋਂ ਰਹਿ ਰਹੇ ਲੋਕਾਂ ਦੇ ਪਰਿਵਾਰਾਂ ਦੇ ਲਈ ਜਾਰੀ ਕੀਤੇ ਗਏ ਸਨ। ਟਰੰਪ ਨੇ ਜੂਨ ਵਿਚ ਐੱਚ-1ਬੀ ਵੀਜ਼ਾ, ਐੱਚ-2ਬੀ ਵੀਜ਼ਾ, ਜੇ-1 ਵੀਜ਼ਾ ਅਤੇ ਐੱਲ-1 ਵੀਜ਼ਾ ’ਤੇ ਵੀ ਰੋਕ ਲਗਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਕਦਮਾਂ ਨਾਲ ਮਹਾਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾ ਵਿਚ ਅਮਰੀਕੀ ਲੋਕਾਂ ਦੀਆਂ ਨੌਕਰੀਆਂ ਬਚਾਈਆਂ ਜਾ ਸਕਣਗੀਆਂ।

Share