ਟਰੰਪ ਦੇ ਸੱਤਾ ਸੰਭਾਲਣ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਨੂੰ ਵਧਿਆ ਮਹਿਸੂਸ ਕਰਦੇ ਨੇ ਅਮਰੀਕੀ ਨਾਗਰਿਕ

ਵਾਸ਼ਿੰਗਟਨ, 15 ਦਸੰਬਰ (ਪੰਜਾਬ ਮੇਲ)- ਅਮਰੀਕੀ ਨਾਗਰਿਕਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ‘ਚ ਭ੍ਰਿਸ਼ਟਾਚਾਰ ਵੱਧ ਗਿਆ ਹੈ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਮੁਤਾਬਕ ਅਮਰੀਕਾ ਦੇ ਹਰ 10 ‘ਚੋਂ ਤਕਰੀਬਨ 6 ਲੋਕਾਂ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ‘ਚ ਭ੍ਰਿਸ਼ਟਾਚਾਰ ਵਧਿਆ ਹੈ। ਇਹ ਜਨਵਰੀ 2016 ਦੇ ਮੁਕਾਬਲੇ ਇਕ ਤਿਹਾਈ ਜ਼ਿਆਦਾ ਹੈ। ਇਸ ਤਾਜ਼ਾ ਸਰਵੇਖਣ ਵਿਚ ਕਿਹਾ ਗਿਆ ਹੈ ਕਿ 44 ਫੀਸਦੀ ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਵ੍ਹਾਈਟ ਹਾਊਸ ਵਿਚ ਭ੍ਰਿਸ਼ਟਾਚਾਰ ਘਰ ਕਰ ਗਿਆ ਹੈ ਅਤੇ ਇਹ ਪਹਿਲਾਂ ਤੋਂ 8 ਫੀਸਦੀ ਜ਼ਿਆਦਾ ਹੈ। ਟਰਾਂਸਪੇਰੈਂਸੀ ਦੇ ਅਮਰੀਕੀ ਪ੍ਰਤੀਨਿਧੀ ਜੋਏ ਰੇਟਰ ਨੇ ਕਿਹਾ ਕਿ ਸਾਡੇ ਚੁਣੇ ਪ੍ਰਤੀਨਿਧੀ ਜਨਤਾ ਦੀ ਸੇਵਾ ਕਰਨ ਦੇ ਸਬੰਧ ਵਿਚ ਸਰਕਾਰ ਦੀ ਸਮਰੱਥਾ ਵਿਚ ਵਿਸ਼ਵਾਸ ਪੈਦਾ ਕਰਨ ਵਿਚ ਅਸਫਲ ਹੋ ਰਹੇ ਹਨ ਅਤੇ ਹੁਣ ਵੀ ਅਜਿਹਾ ਲੱਗਦਾ ਹੈ ਕਿ ਉਹ ਕਾਰਪੋਰੇਟ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ। ਸਰਵੇਖਣ ਵਿਚ ਸ਼ਾਮਲ ਹਰ 10 ਲੋਕਾਂ ਵਿਚੋਂ ਤਕਰੀਬਨ 7 ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਨਾਲ ਲੜਨ ਵਿਚ ਨਾਕਾਮ ਹੋ ਰਹੀ ਹੈ।