ਟਰੰਪ ਦੇ ਸਾਂਝੇ ਸੰਬੋਧਨ ‘ਚ ਅਮਰੀਕਾ ਵਿਚ ਮਾਰੇ ਗਏ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਸੱਦਾ

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)- ਮਰਹੂਮ ਭਾਰਤੀ ਤਕਨੀਕੀ ਮਾਹਿਰ ਸ੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਦੁਮਾਲਾ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਦੇ ਸਾਂਝੇ ਸੰਬੋਧਨ ਲਈ ਰੱਖੇ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ। ਕੁਚੀਭੋਤਲਾ ਦੀ ਪਿਛਲੇ ਸਾਲ ਓਲੇਥ ਸ਼ਹਿਰ ਦੇ ਇਕ ਬਾਰ ਵਿੱਚ ਸਾਬਕਾ ਅਮਰੀਕੀ ਜਲਸੈਨਿਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਨੂੰ ਨਫ਼ਤਰੀ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।
ਦੁਮਾਲਾ ਨੂੰ ਇਹ ਸੱਦਾ ਕਾਨੂੰਨਘਾੜੇ ਕੈਵਿਨ ਯੋਡਰ ਵੱਲੋਂ ਮਿਲਿਆ ਹੈ। ਰਾਸ਼ਟਰਪਤੀ ਟਰੰਪ 30 ਜਨਵਰੀ ਨੂੰ ਹੋਣ ਵਾਲੇ ਇਸ ਸਾਲਾਨਾ ਸਮਾਗਮ ਦੌਰਾਨ ਪਹਿਲੀ ਵਾਰ ਸੰਸਦ ਦੇ ਦੋਵਾਂ ਸਦਨਾਂ ਨੂੰ ਆਪਣਾ ਸੁਨੇਹਾ ਦੇਣਗੇ। ਯਾਦ ਰਹੇ ਕਿ ਕੁਚੀਭੋਤਲਾ ਦੀ ਮੌਤ ਮਗਰੋਂ ਦੁਮਾਲਾ (32) ਲਈ ਮੁਲਕ ਛੱਡਣ ਤਕ ਦੀ ਨੌਬਤ ਆ ਗਈ ਸੀ, ਪਰ ਫਿਰ ਉਸ ਨੇ ਕਿਸੇ ਤਰ੍ਹਾਂ ਆਪਣੇ ਰਿਹਾਇਸ਼ੀ ਰੁਤਬੇ ਨੂੰ ਬਰਕਰਾਰ ਰੱਖਣ ਦਾ ਪ੍ਰਬੰਧ ਕਰ ਲਿਆ।
ਭਾਰਤ ਤੇ ਭਾਰਤੀ-ਅਮਰੀਕੀਆਂ ਬਾਰੇ ਕਾਂਗਰਸੀ ਕਮੇਟੀ ਦੇ ਮੈਂਬਰ ਯੋਡਰ ਨੇ ਕਿਹਾ, ‘ਸੁਨੈਨਾ ਦੁਮਾਲਾ, ਇਸ ਗੱਲ ਦਾ ਪ੍ਰਬਲ ਸੰਕੇਤ ਹੈ ਕਿ ਸਾਡਾ ਪ੍ਰਬੰਧ ਕਿੱਥੇ ਨਾਕਾਮ ਰਿਹਾ ਹੈ। ਆਵਾਸ ਮੁੱਦੇ ’ਤੇ ਵਧੇਰੇ ਭਾਵੁਕ ਹੋਣ ਮਗਰਲੇ ਕਾਰਨਾਂ ’ਚੋਂ ਇਕ ਸੀ ਕਿ ਅਸੀਂ ਭਾਰਤੀ ਭਾਈਚਾਰੇ ਤੇ ਹੋਰਨਾਂ ਆਵਾਸ ਸਮੂਹਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਭਨਾਂ ਨੂੰ ਪਿਆਰ ਕਰਨ ਵਾਲੇ ਹਾਂ ਤੇ ਇਥੇ ਸਾਰਿਆਂ ਦਾ ਸਵਾਗਤ ਹੈ।’ ਉਧਰ ਦੁਮਾਲਾ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਪਹਿਲੀ ਬਰਸੀ ਲਈ ਜਲਦੀ ਹੀ ਭਾਰਤ ਜਾਵੇਗੀ। ਉਸ ਨੇ ਕਿਹਾ ਕਿ ਦੋਸਤਾਂ, ਪਰਿਵਾਰ, ਗੁਆਂਢੀਆਂ ਤੇ ਹੋਰਨਾਂ ਵੱਲੋਂ ਮਿਲੇ ਹੁੰਗਾਰੇ ਤੋਂ ਉਹਦ ਗਲ ਭਰ ਭਾਇਆ ਹੈ।