ਟਰੰਪ ਦੀ ਪ੍ਰਚਾਰ ਮੁਹਿੰਮ ‘ਚ ਗੁਰਿੰਦਰ ਸਿੰਘ ਖਾਲਸਾ ਨੂੰ ਦੱਸਿਆ ਮੁਸਲਮਾਨ ਸਮਰਥਕ

ਸ਼ਿਕਾਗੋ, 19 ਅਕਤੂਬਰ (ਪੰਜਾਬ ਮੇਲ) – ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਮੁਹਿੰਮ ਦੌਰਾਨ ਵੰਡੇ ਜਾ ਰਹੇ ਪਰਚਿਆਂ ਵਿਚ ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਇਕ ਸਿੱਖ ਦੀ ਪਛਾਣ ਟਰੰਪ ਦੇ ਮੁਸਲਮਾਨ ਸਮਰਥਕ ਵਜੋਂ ਕੀਤੀ ਜਾ ਰਹੀ ਹੈ। ਭਾਰਤ ਤੋਂ ਅਮਰੀਕਾ ਦੇ ਇੰਡੀਆਨਾ ਦੇ ਫਿਸ਼ਰਸ ਸ਼ਹਿਰ ਵਿਚ ਰਹਿ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ ਦੀ ਪ੍ਰਚਾਰ ਦੇ ਪਰਚਿਆਂ ਵਿਚ ਫੋਟੋ ਲੱਗੀ ਹੈ, ਜਿਸ ‘ਤੇ ਮੁਸਲਿਮ ਲਿਖਿਆ ਹੈ। ਟਰੰਪ ਦੀ ਮੁਹਿੰਮ ਨੇ ਓਹਾਇਓ ‘ਚ ਵੰਡੇ ਇਨ੍ਹਾਂ ਪਰਚਿਆਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਖਾਲਸਾ ਟਰੰਪ ਦੇ ਮੁਸਲਿਮ ਸਮਰਥਕ ਹਨ। ਚੈਨਲ ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਦੱਸਿਆ ਹੈ, ”ਮੈਂ ਮੁਸਲਮਾਨ ਨਹੀਂ ਹਾਂ ਅਤੇ ਮੈਂ ਟਰੰਪ ਦਾ ਸਮਰਥਕ ਵੀ ਨਹੀਂ ਹਾਂ। ਉਨ੍ਹਾਂ ਨੇ ਮੈਨੂੰ ਮੁਸਲਮਾਨ ਸਮਰਥਕ ਦੱਸਦਿਆਂ ਮੇਰੀ ਤਸਵੀਰ ਲਗਾਈ ਹੈ ਪਰ ਮੇਰਾ ਇਸ ਨਾਲ ਕੋਈ ਸਬੰਧ ਨਹੀਂ ਹੈ। ਮੈਂ ਟਰੰਪ ਦਾ ਸਮਰਥਨ ਨਹੀਂ ਕਰਦਾ। ਕਿਸੇ ਨੇ ਵੀ ਮੇਰੀ ਤਸਵੀਰ ਲਾਉਣ ਬਾਰੇ ਮੈਨੂੰ ਨਹੀਂ ਪੁੱਛਿਆ। ਇਹ ਗਲਤ ਹੈ ਤੇ ਇਸ ਨਾਲ ਲੋਕਾਂ ਵਿਚ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਹੋਣਗੇ, ਕਿਉਂਕਿ ਟਰੰਪ ਦੇ ਮੁਹਿੰਮ ਚਲਾਉਣ ਵਾਲੇ ਇਸ ਪਰਚੇ ਨੂੰ ਦੇਸ਼ ਦੇ ਹਰ ਇਲਾਕੇ ‘ਚ ਭੇਜ ਰਹੇ ਹਨ।’ ਖਾਲਸਾ ਨੇ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਕੱਟੜਪੰਥੀ ਇਸਲਾਮੀ ਸਮਝਣ ਦੀ ਭੁੱਲ ਕੀਤੀ ਜਾ ਰਹੀ ਹੈ ਤੇ ਨਫ਼ਰਤ ਕਾਰਨ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਿੱਖ ਕੌਣ ਹਨ? ਉਹ ਦਾੜ੍ਹੀ ਕਿਉਂ ਰੱਖਦੇ ਹਨ ਅਤੇ ਕਿਉਂ ਪੱਗ ਬੰਨ੍ਹਦੇ ਹਨ? ਇਸ ਕਮੇਟੀ ਦਾ ਮਕਸਦ ਅਮਰੀਕੀਆਂ ਨੂੰ ਇਹ ਦੱਸਣਾ ਹੈ ਕਿ ਸਿੱਖ ਧਰਮ ਦੁਨੀਆਂ ਦੇ ਹੋਰ ਧਰਮਾਂ ਨਾਲੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਸਿਆਸਤਦਾਨਾਂ ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਦੱਸਿਆ ਜਾਵੇ ਕਿ ਸਿੱਖਾਂ ਤੇ ਮੁਸਲਮਾਨਾਂ ਵਿਚ ਅੰਤਰ ਹੈ।
There are no comments at the moment, do you want to add one?
Write a comment