PUNJABMAILUSA.COM

ਟਰੰਪ ਦੀ ਜਿੱਤ ਨਾਲ ਖੜ੍ਹੀਆਂ ਹੋਈਆਂ ਕਈ ਚੁਣੌਤੀਆਂ

ਟਰੰਪ ਦੀ ਜਿੱਤ ਨਾਲ ਖੜ੍ਹੀਆਂ ਹੋਈਆਂ ਕਈ ਚੁਣੌਤੀਆਂ

ਟਰੰਪ ਦੀ ਜਿੱਤ ਨਾਲ ਖੜ੍ਹੀਆਂ ਹੋਈਆਂ ਕਈ ਚੁਣੌਤੀਆਂ
November 16
10:15 2016

9
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਦੇ ਰਾਸ਼ਟਰਪਤੀ ਦੀ ਹੋਈ ਚੋਣ ਦੇ ਸਾਹਮਣੇ ਆਏ ਨਤੀਜਿਆਂ ਨੇ ਅਮਰੀਕੀ ਸਮਾਜ ਅੰਦਰ ਪਲ ਰਹੇ ਬਹੁਤ ਸਾਰੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ ਹੈ। ਆਮ ਤੌਰ ‘ਤੇ ਅਮਰੀਕੀ ਸਮਾਜ ਬਾਰੇ ਜਿਹੜਾ ਇਹ ਭਰਮ ਪਾਲਿਆ ਜਾਂਦਾ ਸੀ ਕਿ ਅਮਰੀਕੀ ਸਮਾਜ ਬੇਹੱਦ ਸੱਭਿਅਕ, ਸਲੀਕੇ ਅਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਮਾਲਕ ਹੈ। ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਅਤੇ ਇਸ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਦੀ ਜਿੱਤ ਅਤੇ ਇਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਸ ਅਮਰੀਕੀ ਸਮਾਜ ਅੰਦਰ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਜੋ ਕੁਝ ਬਾਹਰੀ ਤੌਰ ‘ਤੇ ਨਜ਼ਰ ਆ ਰਿਹਾ ਹੈ, ਅਸਲ ਵਿਚ ਅੰਦਰੂਨੀ ਤੌਰ ‘ਤੇ ਹੋਰ ਵਧੇਰੇ ਖਤਰਨਾਕ ਰੁਝਾਨ ਪਲ ਰਹੇ ਹਨ। ਚੋਣ ਨਤੀਜਿਆਂ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਗੋਰੀ ਵਸੋਂ ਅੰਦਰ ਹੋਰਨਾਂ ਮੁਲਕਾਂ ਤੋਂ ਇਥੇ ਆ ਕੇ ਵਸੇ ਇੰਮੀਗ੍ਰਾਂਟ ਅਤੇ ਖਾਸਕਰ ਮੁਸਲਮਾਨਾਂ ਅਤੇ ਮੈਕਸੀਕਨਾਂ ਪ੍ਰਤੀ ਅਮਰੀਕੀ ਸਮਾਜ ਅੰਦਰ ਤਿਰਸਕਾਰ ਦੀ ਭਾਵਨਾ ਵੱਡੇ ਪੱਧਰ ‘ਤੇ ਪਲ ਰਹੀ ਹੈ। ਗੋਰੀ ਵਸੋਂ ਅਮਰੀਕਾ ਅੰਦਰ ਹੀ ਘੁਟਣ ਮਹਿਸੂਸ ਕਰਨ ਲੱਗ ਪਈ ਹੈ। ਪਿਛਲੇ ਸਮੇਂ ਦੌਰਾਨ ਵੱਖ-ਵੱਖ ਮੌਕਿਆਂ ‘ਤੇ ਬਣੇ ਰਾਸ਼ਟਰਪਤੀ ਬਹੁਤਾ ਕਰਕੇ ਉਦਾਰਚਿੱਤ ਹੀ ਰਹੇ ਹਨ ਅਤੇ ਉਹ ਅਮਰੀਕੀ ਸਮਾਜ ਅੰਦਰ ਵਸ ਰਹੇ ਵੱਖ-ਵੱਖ ਵਰਗਾਂ, ਧਰਮਾਂ ਅਤੇ ਨਸਲਾਂ ਦੇ ਲੋਕਾਂ ਵਿਚਕਾਰ ਸਹਿਚਾਰ ਅਤੇ ਸਹਿਹੋਂਦ ਉਪਰ ਹੀ ਜ਼ੋਰ ਦਿੰਦੇ ਰਹੇ ਹਨ। ਪਰ ਅਮਰੀਕਾ ਦੀ ਗੋਰੀ ਵਸੋਂ ਮਨ ਅੰਦਰ ਲਗਾਤਾਰ ਪਰਾਏਪਣ ਦਾ ਅਹਿਸਾਸ ਬਣਦਾ ਰਿਹਾ ਹੈ। ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਬਾਅਦ ਲੱਗਦਾ ਹੈ ਕਿ ਗੋਰੀ ਵਸੋਂ ਨੂੰ ਇਸ ਗੱਲ ਦਾ ਅਹਿਸਾਸ ਹੋਰ ਵਧੇਰੇ ਸ਼ਿੱਦਤ ਨਾਲ ਵਧਿਆ ਹੈ। ਪਿਛਲੇ ਸਮਿਆਂ ਦੌਰਾਨ ਗੋਰੀ ਵਸੋਂ ਦੇ ਅਜਿਹੇ ਅਹਿਸਾਸ ਅਤੇ ਰੁਝਾਨ ਨੂੰ ਮੂੰਹਾਂ ਦੇਣ ਵਾਲੀ ਕੋਈ ਧੜੱਲੇਦਾਰ ਲੀਡਰਸ਼ਿਪ ਨਹੀਂ ਸੀ ਮਿਲਦੀ ਰਹੀ, ਜਿਸ ਕਾਰਨ ਗੋਰੀ ਵਸੋਂ ਵਿਚ ਪੈਦਾ ਹੋ ਰਿਹਾ ਇਹ ਅਹਿਸਾਸ ਅੰਦਰੋ-ਅੰਦਰ ਜ਼ਹਿਰ ਘੋਲਦਾ ਰਿਹਾ ਹੈ। ਪਰ ਡੋਨਲਡ ਟਰੰਪ ਦੇ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਸਾਹਮਣੇ ਆਉਣ ਨਾਲ ਅਜਿਹੇ ਵਿਚਾਰਾਂ ਨੂੰ ਖੁੱਲ੍ਹ ਕੇ ਖੇਡਣ ਲਈ ਰਾਹ ਪੱਧਰਾ ਹੋ ਗਿਆ। ਹਾਲਾਂਕਿ ਅਮਰੀਕਾ ਅਤੇ ਹੋਰਨਾਂ ਵਿਕਸਿਤ ਮੁਲਕਾਂ ਦਾ ਮੀਡੀਆ ਬੜੇ ਧੂਮ-ਧੜੱਕੇ ਨਾਲ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦਾ ਪੱਖ ਪੂਰਦਾ ਰਿਹਾ ਹੈ। ਪਰ ਮੀਡੀਏ ਦੀ ਇਹ ਪਹੁੰਚ ਹੀ ਉਲਟ ਉਪਜਾਊ ਹੋਈ ਨਜ਼ਰ ਆ ਰਹੀ ਹੈ। ਮੀਡੀਏ ਨੇ ਜਿੰਨਾ ਵਧੇਰੇ ਜ਼ੋਰ ਨਾਲ ਹਿਲੇਰੀ ਕਲਿੰਟਨ ਨੂੰ ਉਭਾਰਨ ਦਾ ਯਤਨ ਕੀਤਾ, ਉਸੇ ਹਿਸਾਬ ਨਾਲ ਗੋਰੀ ਵਸੋਂ ਅੰਦਰ ਰੋਸ-ਗਿਲਾ ਵੱਧਦਾ ਰਿਹਾ ਅਤੇ ਉਹ ਟਰੰਪ ਵੱਲ ਵਧੇਰੇ ਜੁੜਦੇ ਰਹੇ। ਪਿਛਲੇ ਸਮੇਂ ਦੌਰਾਨ ਜੇ ਦੇਖਿਆ ਜਾਵੇ, ਤਾਂ ਮੀਡੀਏ ਦੇ ਰੋਲ ਵਿਚ ਬੜੀ ਵੱਡੀ ਤਬਦੀਲੀ ਆਈ ਹੈ। ਪਹਿਲੇ ਸਮਿਆਂ ਦੌਰਾਨ ਮੀਡੀਆ ਆਮ ਕਰਕੇ ਜ਼ਮੀਨੀ ਹਕੀਕਤ ਨਾਲ ਜੁੜ ਕੇ ਚੱਲਦਾ ਰਿਹਾ ਹੈ ਅਤੇ ਫਿਰ ਲੋਕ ਭਾਵਨਾਵਾਂ ਨੂੰ ਸਮਝਦਿਆਂ ਅਸਲੀਅਤ ਨੂੰ ਉਨ੍ਹਾਂ ਤੱਕ ਪਹੁੰਚਦੀ ਕਰਨ ਵਿਚ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸੇ ਕਾਰਨ ਕਈ ਵਾਰ ਮੀਡੀਏ ਨੂੰ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਵੀ ਕਿਹਾ ਜਾਂਦਾ ਰਿਹਾ ਹੈ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਮੀਡੀਏ ਦੀ ਭੂਮਿਕਾ ਵਿਚ ਵੱਡੀ ਤਬਦੀਲੀ ਆਈ ਨਜ਼ਰ ਆ ਰਹੀ ਹੈ। ਹੁਣ ਮੀਡੀਆ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਬਜਾਏ, ਸਗੋਂ ਉਲਟਾ ਆਪਣੀ ਸੋਚ ਲੋਕਾਂ ਉਪਰ ਥੋਪਣ ਦਾ ਯਤਨ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਨਾਲ ਜੁੜੇ ਰਹਿਣ ਨਾਲ ਜਾਂ ਵੱਖ ਹੋਣ ਦੀ ਬਹਿਸ ਤੁਰੀ ਅਤੇ ਫਿਰ ਇਸ ਮਸਲੇ ਨੂੰ ਲੈ ਕੇ ਇੰਗਲੈਂਡ ਵਿਚ ਰਿਫਰੈਂਡਮ ਵੀ ਹੋਇਆ। ਇਸ ਰਿਫਰੈਂਡਮ ਦੀ ਮੁਹਿੰਮ ਦੌਰਾਨ ਬਰਤਾਨੀਆ ਅਤੇ ਯੂਰਪ ਦਾ ਸਾਰਾ ਮੀਡੀਆ ਇੰਗਲੈਂਡ ਦੇ ਯੂਰਪੀਅਨ ਯੂਨੀਅਨ ਨਾਲ ਜੁੜੇ ਰਹਿਣ ਉਪਰ ਹੀ ਜ਼ੋਰ ਦਿੰਦਾ ਰਿਹਾ। ਪਰ ਬਰਤਾਨੀਆ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਤੋਂ ਉਲਟ ਖੜ੍ਹੀਆਂ ਸਨ। ਬਰਤਾਨੀਆ ਦੇ ਲੋਕ ਇੰਗਲੈਂਡ ਨੂੰ ਯੂਰਪੀਅਨ ਯੂਨੀਅਨ ਤੋਂ ਵੱਖ ਕਰਨਾ ਚਾਹੁੰਦੇ ਸਨ। ਇਹੀ ਕਾਰਨ ਹੈ ਕਿ ਮੀਡੀਆ ਨੂੰ ਉਥੇ ਆਏ ਨਤੀਜੇ ਬੜੇ ਅਚੰਭਾਜਨਕ ਲੱਗੇ ਸਨ। ਐਨ ਉਸੇ ਤਰ੍ਹਾਂ ਅਮਰੀਕਾ ਵਿਚ ਵੀ ਡੋਨਲਡ ਟਰੰਪ ਦੀ ਜਿੱਤ ਨੂੰ ਮੀਡੀਆ ਨੇ ਅਚੰਭਾ ਕਰਾਰ ਦਿੱਤਾ ਹੈ।
ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਣ ਬਾਅਦ ਦੇਸ਼ ਅੰਦਰ ਵੱਡੀ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਲੋਕ ਭੜਕੇ ਹੋਏ ਹਨ। ਇਹ ਅਮਰੀਕੀ ਸਮਾਜ ਵਿਚ ਵਧ ਰਹੇ ਟਕਰਾਵਾਂ ਦੀ ਸੂਚਕ ਹੈ। ਅਮਰੀਕਾ ਦੇ ਬਹੁਤੇ ਸ਼ਹਿਰਾਂ ਵਿਚ ਪਿਛਲੇ ਦਿਨੀਂ ਟਰੰਪ ਦੀ ਜਿੱਤ ਵਿਰੁੱਧ ਵੱਡੇ-ਵੱਡੇ ਜਲਸੇ ਹੋਏ ਹਨ ਅਤੇ ਕੁਝ ਥਾਵਾਂ ‘ਤੇ ਭੜਕਾਹਟ ਦੀਆਂ ਕਾਰਵਾਈਆਂ ਵੀ ਹੋਈਆਂ ਹਨ। ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਲੋਕਾਂ ਅੰਦਰ ਪੈਦਾ ਹੋਇਆ ਰੋਸ ਤੇ ਭੜਕਾਹਟ ਇਸ ਗੱਲ ਦਾ ਹੀ ਸੰਕੇਤ ਕਰਦੀ ਹੈ ਕਿ ਅਮਰੀਕੀ ਸਮਾਜ ਵਿਚ ਸਾਰੇ ਵਰਗਾਂ ਵਿਚਕਾਰ ਸਹਿਹੋਂਦ ਦੀ ਭਾਵਨਾ ਪੇਤਲੀ ਪੈਣ ਲੱਗੀ ਹੈ ਅਤੇ ਉਨ੍ਹਾਂ ਨੂੰ ਆਪੋ-ਆਪਣਾ ਫਿਕਰ ਵੱਢ-ਵੱਢ ਖਾਣ ਲੱਗਾ ਹੈ। ਡੋਨਲਡ ਟਰੰਪ ਪਹਿਲੇ ਦਿਨ ਤੋਂ ਹੀ ਇਹ ਗੱਲ ਡੰਕੇ ਦੀ ਚੋਟ ‘ਤੇ ਕਹਿੰਦਾ ਆ ਰਿਹਾ ਹੈ ਕਿ ਉਹ ਇੰਮੀਗ੍ਰਾਂਟ ਵਿਰੁੱਧ ਸਖ਼ਤ ਕਦਮ ਚੁੱਕੇਗਾ ਅਤੇ ਉਸ ਨੇ ਹੁਣ ਰਾਸ਼ਟਰਪਤੀ ਦੀ ਚੋਣ ਜਿੱਤਣ ਦੇ ਤੁਰੰਤ ਬਾਅਦ ਸਾਢੇ 3 ਮਿਲੀਅਨ ਇੰਮੀਗ੍ਰਾਂਟਸ ਨੂੰ ਦੇਸ਼ ਵਿਚੋਂ ਕੱਢਣ ਦਾ ਐਲਾਨ ਵੀ ਕਰ ਦਿੱਤਾ ਹੈ। ਇਸੇ ਤਰ੍ਹਾਂ ਉਹ ਉਹ ਇੰਮੀਗ੍ਰਾਂਟਸ ਨੂੰ ਮਿਲਣ ਵਾਲੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਖਤਮ ਕਰਨ ਦੇ ਹੱਕ ਵਿਚ ਹੈ। ਹੁਣ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਅੰਦਰ ਇੰਮੀਗ੍ਰਾਂਟਸ ਨੂੰ ਆਪਣੇ ਮਾਪਿਆਂ ਨੂੰ ਸੱਦ ਸਕਣਾ ਵਧੇਰੇ ਔਖਾ ਹੋ ਜਾਵੇਗਾ। ਅਮਰੀਕਾ ਅੰਦਰ ਚੁੱਕੇ ਜਾ ਰਹੇ ਇਹ ਸਾਰੇ ਕਦਮ ਇੰਮੀਗ੍ਰਾਂਟਸ ਲਈ ਇਕ ਅਜਿਹਾ ਮਾਹੌਲ ਸਿਰਜਣ ਜਾ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਦਮ ਘੁਟਣ ਲੱਗੇਗਾ। ਅਮਰੀਕਾ ਇਕ ਅਜਿਹਾ ਦੇਸ਼ ਹੈ, ਜਿੱਥੇ ਅਨੇਕਾਂ ਧਰਮਾਂ, ਨਸਲਾਂ ਅਤੇ ਸੱਭਿਆਚਾਰਾਂ ਦੇ ਲੋਕ ਵਸਦੇ ਹਨ। ਪਰ ਡੋਨਲਡ ਟਰੰਪ ਦੇ ਜਿੱਤ ਜਾਣ ਨਾਲ ਜਿਸ ਤਰ੍ਹਾਂ ਗੋਰੀ ਵਸੋਂ ਦਾ ਜਨੂੰਨ ਭੜਕਾਉਣ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ, ਇਹ ਅਮਰੀਕੀ ਸਮਾਜ ਲਈ ਬੇਹੱਦ ਖਤਰਨਾਕ ਸਿੱਟੇ ਕੱਢ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਅਮਰੀਕਾ ਅੰਦਰ ਆਪਸੀ ਤਨਾਅ ਵਧਣ ਦੇ ਆਸਾਰ ਬਣਦੇ ਜਾ ਰਹੇ ਹਨ। ਗੋਰੀ ਵਸੋਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨ ਅਤੇ ਭੜਕਾਉਣ ਦਾ ਇਹ ਸਿਲਸਿਲਾ ਹੀ ਅਸਲ ਵਿਚ ਟਰੰਪ ਦੀ ਜਿੱਤ ਦਾ ਬੜਾ ਵੱਡਾ ਕਾਰਨ ਬਣਿਆ ਹੈ। ਅਮਰੀਕਾ ਦੇ ਚੋਣ ਇਤਿਹਾਸ ਵਿਚ ਪਹਿਲੀ ਵਾਰ ਨਸਲਪ੍ਰਸਤੀ ਦਾ ਨੰਗਾ ਨਾਚ ਹੋਇਆ ਹੈ, ਜਿੱਥੇ ਖੁੱਲ੍ਹ ਕੇ ਗੋਰੀ ਵਸੋਂ ਦੇ ਘੁਟਣ ਮਹਿਸੂਸ ਕਰਨ ਜਾਂ ਗੋਰੀ ਵਸੋਂ ਦੇ ਆਪਣੇ ਹੀ ਦੇਸ਼ ਵਿਚ ਦਰਕਿਨਾਰ ਹੋਣ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਪਹਿਲਾਂ ਆਮ ਕਰਕੇ ਅਜਿਹੀਆਂ ਤੁਹਮਤਾਂ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਚੋਣਾਂ ਬਾਰੇ ਲੱਗਦੀਆਂ ਸਨ। ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਚੋਣਾਂ ਦੌਰਾਨ ਧੰਨ, ਬਾਹੂਬਲ ਅਤੇ ਫਿਰਕਾਪ੍ਰਸਤੀ ਦੀ ਵਰਤੋਂ ਉਪਰ ਅਮਰੀਕੀ ਲੋਕ ਨੱਕ-ਮੂੰਹ ਚੜ੍ਹਾਉਂਦੇ ਰਹੇ ਹਨ। ਪਰ ਹੁਣ ਚੋਣਾਂ ਦੌਰਾਨ ਅਸੀਂ ਦੇਖਿਆ ਹੈ ਕਿ ਇਥੇ ਵੀ ਅਨੇਕ ਤਰ੍ਹਾਂ ਦੀਆਂ ਉਹੀ ਅਲਾਮਤਾਂ ਚੋਣਾਂ ਵਿਚ ਆ ਸ਼ਾਮਲ ਹੋਈਆਂ ਹਨ, ਜੋ ਤੀਜੀ ਦੁਨੀਆਂ ਦੇ ਦੇਸ਼ਾਂ ਬਾਰੇ ਕਹੀਆਂ ਜਾਂਦੀਆਂ ਸਨ। ਚੋਣਾਂ ਦੌਰਾਨ ਬਹੁਤ ਸਾਰੀਆਂ ਗੱਲਾਂ ਅਤੇ ਮਸਲੇ ਉਠਾਏ ਜਾਂਦੇ ਹਨ। ਪਰ ਹੁਣ ਡੋਨਲਡ ਟਰੰਪ ਚੋਣ ਜਿੱਤ ਗਏ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਦਾ ਅਹੁਦਾ ਨਾ ਤਾਂ ਕਿਸੇ ਇਕ ਧਿਰ ਦਾ ਹੈ ਅਤੇ ਨਾ ਹੀ ਕਿਸੇ ਇਕ ਧਿਰ ਨੂੰ ਖੁਸ਼ ਕਰਕੇ ਅਮਰੀਕਾ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਜੇਕਰ ਡੋਨਲਡ ਟਰੰਪ ਰਾਸ਼ਟਰਪਤੀ ਅਹੁਦੇ ‘ਤੇ ਵਿਰਾਜਮਾਨ ਹੋ ਕੇ ਆਪਣੇ ਵਤੀਰੇ ਵਿਚ ਤਬਦੀਲੀ ਨਹੀਂ ਕਰਦੇ ਅਤੇ ਆਪਣੇ ਵੱਲੋਂ ਹੁਣ ਤੱਕ ਐਲਾਨੀਆਂ ਨੀਤੀਆਂ ਬਾਰੇ ਮੁੜ ਵਿਚਾਰ ਕੇ ਇਨ੍ਹਾਂ ਨੂੰ ਸਰਵ ਪ੍ਰਵਾਨ ਅਤੇ ਉਦਾਰਚਿੱਤ ਬਣਾਉਣ ਦਾ ਯਤਨ ਨਹੀਂ ਕਰਦੇ, ਤਾਂ ਅਮਰੀਕੀ ਪ੍ਰਸ਼ਾਸਨ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਅਮਰੀਕੀ ਸਮਾਜ ਵਿਚ ਵੀ ਇਸ ਨਾਲ ਨਵੇਂ ਤੋਂ ਨਵੇਂ ਬਿਖੇੜੇ ਪੈਦਾ ਹੋਣ ਦਾ ਰਾਹ ਖੁੱਲ੍ਹੇਗਾ। ਅਸਲ ਵਿਚ ਕਿਹਾ ਜਾ ਸਕਦਾ ਹੈ ਕਿ ਟਰੰਪ ਦੀ ਜਿੱਤ ਨੇ ਅਮਰੀਕੀ ਪ੍ਰਸ਼ਾਸਨ ਅਤੇ ਸਮਾਜ ਸਾਹਮਣੇ ਬਹੁਤ ਸਾਰੀਆਂ ਗੰਭੀਰ ਚੁਣੌਤੀਆਂ ਪੇਸ਼ ਕਰ ਦਿੱਤੀਆਂ ਹਨ, ਜਿਨ੍ਹਾਂ ਦਾ ਆਉਂਣ ਵਾਲੇ ਦਿਨਾਂ ਵਿਚ ਕਿਸ ਰੁਖ ਨਿਪਟਾਰਾ ਹੁੰਦਾ ਹੈ, ਇਸ ਗੱਲ ਦਾ ਅਮਰੀਕਾ ਦੇ ਭਵਿੱਖ ਉਪਰ ਲੰਬਾ ਸਮਾਂ ਗਹਿਰਾ ਪ੍ਰਭਾਵ ਰਹੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article