ਟਰੰਪ ਚੀਨ ਦੀ ਯਾਤਰਾ ਦੌਰਾਨ ਹਮਰੁਤਬਾ ਸ਼ੀ ਜਿਨਪਿੰਗ ਤੋਂ ਉੱਤਰ ਕੋਰੀਆ ਨੂੰ ਸਮਝਾਉਣ ਲਈ ਪਾਉਣਗੇ ਦਬਾਅ

ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)– ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਮਹੀਨੇ ਚੀਨ ਦੀ ਯਾਤਰਾ ਦੌਰਾਨ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਤੋਂ ਉੱਤਰ ਕੋਰੀਆ ਨੂੰ ਸਮਝਾਉਣ ਲਈ ਦਬਾਅ ਪਾਉਣਗੇ। ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਅਜਿਹਾ ਉੱਤਰ ਕੋਰੀਆ ਮਸਲੇ ਨੂੰ ਸੁਲਝਾਉਣ ‘ਚ ਚੀਨ ਦੀ ਮਦਦ ਕਰਨ ਦੀ ਰਣਨੀਤੀ ਤਹਿਤ ਹੈ। ਇਸ ਵਿਦੇਸ਼ ਯਾਤਰਾ ਦੌਰਾਨ ਟਰੰਪ ਦਾ ਮੁੱਖ ਟੀਚਾ ਪ੍ਰਮਾਣੂ ਅਤੇ ਬੈਲਿਸਟਿਕ ਮਿਸਾਈਜ਼ ਪ੍ਰੀਖਣ ਮੁੱਦਿਆਂ ‘ਤੇ ਉੱਤਰੀ ਕੋਰੀਆ ਨੂੰ ਬਿਲਕੁਲ ਅਲੱਗ-ਥਲੱਗ ਕਰ ਦੇਣਾ ਹੈ। ਟਰੰਪ ਜਿਨਪਿੰਗ ਤੋਂ ਉੱਤਰ ਕੋਰੀਆ ਵਿਰੁੱਧ ਸੰਯੁਕਤ ਰਾਸ਼ਟਰ ਦੇ ਸਾਰੇ ਪ੍ਰਸਤਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਉਸ ‘ਤੇ ਦਬਾਅ ਵਧਾਉਣ ਲਈ ਹੋਰ ਕਦਮ ਚੁੱਕਣ ਦੀ ਵੀ ਅਪੀਲ ਕਰ ਸਕਦੇ ਹਨ। ਉੱਤਰੀ ੋਕਰੀਆ ਦੇ ਇਕੋ ਇਕ ਸਹਿਯੋਗੀ ਚੀਨ ਦਾ ਉਥੇ 90 ਫੀਸਦੀ ਵਪਾਰ ਹੁੰਦਾ ਹੈ। ਚੀਨ ਨੇ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰੇਗਾ ਅਤੇ ਤੇਲ, ਕੋਲਾ, ਕੱਪੜਾ ਅਤੇ ਸਮੁੰਦਰੀ ਜੀਵਾਂ ਦੀ ਆਮਦ ‘ਤੇ ਪੂਰੀ ਤਰ੍ਹਾਂ ਰੋਕ ਲੱਗੀ ਰਹੇਗੀ। ਅਧਿਕਾਰੀ ਨੇ ਕਿਹਾ ਕਿ ਚੀਨ ਨੂੰ ਉਸ ਦੀ ਹਮਾਇਤ ਨਾਲ ਪਾਸ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ‘ਚ ਹੋਰ ਸਖ਼ਤ ਰਵੱਈਆ ਅਪਨਾਉਣ ਦੀ ਲੋੜ ਹੈ।