ਵਾਸ਼ਿੰਗਟਨ, 26 ਜਨਵਰੀ (ਪੰਜਾਬ ਮੇਲ) – ਫੈਡਰਲ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ‘ਕਾਂਗਰਸ’ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਜਾਂ ਅਮਰੀਕੀ ਸੰਸਦ ਦੇ ਬਾਹਰ ਉਨ੍ਹਾਂ ’ਤੇ ਹਮਲਾ ਕਰਨ ਦੀਆਂ ਧਮਕੀਆਂ ਦੀ ਜਾਂਚ ਕਰ ਰਹੇ ਹਨ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧਮਕੀਆਂ ਅਤੇ ਯੂ.ਐੱਸ. ਕੈਪੀਟਲ (ਸੰਸਦ ਕੰਪਲੈਕਸ) ’ਤੇ ਦੁਬਾਰਾ ਹਥਿਆਰਬੰਦ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੀ ਚਿੰਤਾ ਵਿਚਾਲੇ ਕੈਪੀਟਲ ਪੁਲਿਸ ਨੇ ਟਰੰਪ ਖਿਲਾਫ ਸੁਣਵਾਈ ਤੋਂ ਪਹਿਲਾਂ ‘ਨੈਸ਼ਨਲ ਗਾਰਡ’ ਦੇ ਹਜ਼ਾਰਾਂ ਜਵਾਨਾਂ ਨੂੰ ਵਾਸ਼ਿੰਗਟਨ ’ਚ ਤਾਇਨਾਤ ਰਹਿਣ ਦੇਣ ਦਾ ਫੈਸਲਾ ਕੀਤਾ ਹੈ।
ਟਰੰਪ ਖਿਲਾਫ ਮਹਾਦੋਸ਼ ਦੀ ਕਾਰਵਾਈ ਤੋਂ ਪਹਿਲਾਂ ਸੰਸਦ ਮੈਂਬਰਾਂ ਨੂੰ ਮਿਲ ਰਹੀ ਧਮਕੀ ਨੇ ਹੁਣ ਚਿੰਤਾ ਵਧਾ ਦਿੱਤੀ ਹੈ। ਨਾਮ ਜਨਤਕ ਨਾ ਕਰਨ ਦੀ ਸ਼ਰਤ ’ਤੇ ਮਾਮਲੇ ਤੋਂ ਜਾਣੂ ਅਧਿਕਾਰੀ ਨੇ ਦੱਸਿਆ ਕਿ ਜੋਅ ਬਾਇਡਨ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਜਾਂਚ ਅਧਿਕਾਰੀਆਂ ਨੂੰ ਅਜਿਹੀਆਂ ਹੀ ਧਮਕੀਆਂ ਮਿਲੀਆਂ ਸਨ ਪਰ ਹੁਣ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਇਹ ਕਿੰਨੀ ਭਰੋਸੇਯੋਗ ਹੈ।