PUNJABMAILUSA.COM

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

 Breaking News

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ

ਟਰੰਪ-ਕਿਮ ਦੀ ਇਤਿਹਾਸਕ ਮੁਲਾਕਾਤ ਦੁਸ਼ਮਣੀ ਦੋਸਤੀ ‘ਚ ਬਦਲੀ
June 13
10:31 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦੁਨੀਆਂ ਦੇ ਇਤਿਹਾਸ ‘ਚ ਅਜਿਹੇ ਮੌਕੇ ਵੀ ਆਉਂਦੇ ਹਨ, ਜਦ ਅਣਕਿਆਸੀਆਂ ਘਟਨਾਵਾਂ ਵਾਪਰਦੀਆਂ ਹਨ। ਡੋਨਾਲਡ ਟਰੰਪ ਅਤੇ ਕਿਮ ਜੌਂਗ ਉਨ ਦਰਮਿਆਨ ਸਿੰਗਾਪੁਰ ਵਿਖੇ ਹੋਈ 90 ਮਿੰਟ ਦੀ ਵਾਰਤਾ ਨੇ ਵੀ ਇਹੀ ਕ੍ਰਿਸ਼ਮਾ ਕਰ ਦਿਖਾਇਆ ਹੈ। ਪਿਛਲੇ ਕਰੀਬ 7 ਦਹਾਕੇ ਤੋਂ ਇਕ ਦੂਜੇ ਦੇ ਕੱਟੜ ਦੁਸ਼ਮਣ ਬਣ ਕੇ ਵਿਚਰਦੇ ਆ ਰਹੇ ਅਮਰੀਕਾ ਅਤੇ ਉੱਤਰੀ ਕੋਰੀਆ 40 ਮਿੰਟ ਦੀ ਪਹਿਲੀ ਗੱਲਬਾਤ ਦੌਰਾਨ ਇਕ ਦੂਜੇ ਦੇ ਇੰਨੇ ਨੇੜੇ ਹੋ ਗਏ ਕਿ ਉਨ੍ਹਾਂ ਨੇ ਸਾਰੀ ਦੁਸ਼ਮਣੀ ਅਤੇ ਮੱਤਭੇਦ ਭੁਲਾ ਕੇ ਇਤਿਹਾਸ ਅੰਦਰ ਇਕ ਨਵਾਂ ਦੌਰ ਸ਼ੁਰੂ ਕਰਨ ਦਾ ਅਹਿਦ ਲਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਦਰਮਿਆਨ ਸਿੰਗਾਪੁਰ ਵਿਖੇ ਹੋਈ ਇਹ ਵਾਰਤਾ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਦਾ ਹੀ ਨਤੀਜਾ ਕਹੀ ਜਾ ਸਕਦੀ ਹੈ। ਪਿਛਲੇ ਕਰੀਬ 7 ਦਹਾਕੇ ਤੋਂ ਦੋਵੇਂ ਦੇਸ਼ ਇਕ ਦੂਜੇ ਨਾਲ ਬੁਰੀ ਤਰ੍ਹਾਂ ਉਲਝੇ ਚਲੇ ਆ ਰਹੇ ਸਨ ਅਤੇ ਪੂਰੀ ਦੁਨੀਆਂ ਉਪਰ ਵੀ ਅਜਿਹੇ ਸੰਬੰਧਾਂ ਦਾ ਸੇਕ ਪੈ ਰਿਹਾ ਸੀ। ਪਰ ਟਰੰਪ ਵੱਲੋਂ ਪਿਛਲੇ ਦਿਨਾਂ ਵਿਚ ਉੱਤਰੀ ਕੋਰੀਆ ਅਤੇ ਖਾਸਕਰ ਕਿਮ ਜੌਂਗ ਉਨ ਬਾਰੇ ਵਰਤੀ ਜਾ ਰਹੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜ਼ੇ ਤੋਂ ਇਕ ਵਾਰ ਤਾਂ ਇਹ ਲੱਗ ਰਿਹਾ ਸੀ ਕਿ ਤੀਜੀ ਜੰਗ ਦੁਨੀਆਂ ਦੇ ਬਰੂਹਾਂ ਉੱਤੇ ਆ ਖੜ੍ਹੀ ਹੈ। ਕਿਮ ਜੌਂਗ ਵੀ ਟਰੰਪ ਦੇ ਬਿਆਨਾਂ ਦਾ ਬੜੇ ਕਰਾਰੇ ਰੂਪ ਵਿਚ ਜਵਾਬ ਦੇ ਰਹੇ ਸਨ। ਅਮਰੀਕਾ ਦੇ ਮੁਕਾਬਲੇ ਉੱਤਰੀ ਕੋਰੀਆ ਭਾਵੇਂ ਆਬਾਦੀ, ਵਸੋਂ, ਖੇਤਰਫਲ ਅਤੇ ਸਾਧਨਾਂ ਵਜੋਂ ਬੇਹੱਦ ਛੋਟਾ ਮੁਲਕ ਹੈ ਅਤੇ ਅਮਰੀਕਾ ਨਾਲ ਉਸ ਦਾ ਮੁਕਾਬਲਾ ਵੀ ਬੇਮੇਲ ਹੈ। ਪਰ ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਜੰਗ ਦੀ ਤਿਆਰੀ ਨੇ ਉਸ ਨੂੰ ਛੋਟੀ ਤਾਕਤ ਤੋਂ ਅਮਰੀਕਾ ਵਰਗੀ ਵੱਡੀ ਤਾਕਤ ਨਾਲ ਟੱਕਰ ਲੈਣ ਦੇ ਸਮਰੱਥ ਬਣਾ ਦਿੱਤਾ। ਅੱਜ ਦੇ ਯੁੱਗ ਵਿਚ ਜੰਗੀ ਖੇਤਰ ਵਿਚ ਵੱਡੇ ਸਾਧਨਾਂ, ਵਸੋਂ ਅਤੇ ਖੇਤਰਫਲ ਦਾ ਕੋਈ ਵੱਡਾ ਮਹੱਤਵ ਨਹੀਂ ਰਹਿ ਗਿਆ। ਸਗੋਂ ਪ੍ਰਮਾਣੂ ਹਥਿਆਰ ਅਹਿਮ ਥਾਂ ਅਖਤਿਆਰ ਕਰ ਗਏ ਹਨ। ਪ੍ਰਮਾਣੂ ਹਥਿਆਰਾਂ ਦੀ ਮੌਜੂਦਗੀ ਨੇ ਹੀ ਟਰੰਪ ਨੂੰ ਕੋਰੀਆ ਵਰਗੇ ਛੋਟੇ ਮੁਲਕ ਨਾਲ ਸਿੰਗਾਪੁਰ ਵਿਚ ਜਾ ਕੇ ਗੱਲਬਾਤ ਦੀ ਮੇਜ਼ ਉਪਰ ਆ ਕੇ ਬੈਠਣ ਲਈ ਮਜਬੂਰ ਕੀਤਾ ਹੈ। ਦੂਜੇ ਪਾਸੇ ਬੇਹੱਦ ਗਰੂਰ ਅਤੇ ਤਾਨਾਸ਼ਾਹੀ ਤਰੀਕੇ ਨਾਲ ਚੱਲਦੇ ਆ ਰਹੇ ਕਿਮ ਜੌਂਗ ਉਨ ਨੂੰ ਵੀ ਅਮਰੀਕਾ ਅਤੇ ਹੋਰਨਾਂ ਮੁਲਕਾਂ ਵੱਲੋਂ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਨੇ ਸਿੱਧੇ ਰਸਤੇ ਉਪਰ ਆਉਣ ਲਈ ਮਜਬੂਰ ਕੀਤਾ ਹੈ। ਬਿਨਾਂ ਸ਼ੱਕ ਪਿਛਲੇ ਸਾਲਾਂ ਦੌਰਾਨ ਅਮਰੀਕਾ ਵੱਲੋਂ ਉੱਤਰੀ ਕੋਰੀਆ ਦੀ ਕੀਤੀ ਆਰਥਿਕ ਨਾਕੇਬੰਦੀ ਨੇ ਕਿਮ ਜੌਂਗ ਦਾ ਦਮ ਨੱਕ ਵਿਚ ਕਰ ਦਿੱਤਾ ਸੀ। ਕੋਰੀਆ ਦੀ ਆਰਥਿਕਤਾ ਇਸ ਵੇਲੇ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ। ਇਥੋਂ ਤੱਕ ਕਿ ਦੇਸ਼ ਅੰਦਰ ਬੇਰੁਜ਼ਗਾਰੀ ਅਤੇ ਭੁੱਖਮਰੀ ਨੇ ਡੇਰੇ ਲਾ ਲਏ ਹਨ।
ਉੱਤਰੀ ਕੋਰੀਆ ਨੇ ਪਿਛਲੇ ਕਰੀਬ ਇਕ ਦਹਾਕੇ ਤੋਂ ਪ੍ਰਮਾਣੂ ਤਜ਼ਰਬੇ ਕਰਨੇ ਸ਼ੁਰੂ ਕੀਤੇ ਹੋਏ ਸਨ। ਕੋਰੀਆ ਲੰਬੇ ਸਮੇਂ ਤੱਕ ਜਾਪਾਨ ਦਾ ਗੁਲਾਮ ਰਿਹਾ। 1945 ਵਿਚ ਇਸ ਨੂੰ ਆਜ਼ਾਦੀ ਮਿਲੀ। ਇਥੇ ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ ਨਾਂ ਦੀ ਪਾਰਟੀ ਬਣੀ। ਜਾਪਾਨ ਤੋਂ ਆਜ਼ਾਦੀ ਮਿਲਣ ਬਾਅਦ 1945 ਵਿਚ ਕੋਰੀਆ ਪ੍ਰਾਈਦੀਪ ਦੀ ਵੰਡ ਹੋਣੀ ਸ਼ੁਰੂ ਹੋ ਗਈ। 1953 ਵਿਚ ਕੋਰੀਆ ‘ਚ ਸਖਤ ਅੰਦਰੂਨੀ ਯੁੱਧ ਸ਼ੁਰੂ ਹੋ ਗਿਆ। ਉਸ ਸਮੇਂ ਕਿਮ ਦੇ ਦਾਦਾ ਕਿਮ ਇਲ ਸੁੰਗ ਨੇ ਕੋਰੀਆ ਉਪਰ ਕਬਜ਼ਾ ਕਰਕੇ ਕਮਿਊਨਿਸਟ ਹਕੂਮਤ ਸਥਾਪਤ ਕਰ ਲਈ ਅਤੇ ਬਾਅਦ ਵਿਚ ਉਹ ਪੂਰੀ ਤਰ੍ਹਾਂ ਤਾਨਾਸ਼ਾਹ ਬਣ ਗਿਆ। 1953 ਤੋਂ ਬਾਅਦ ਕੋਰੀਆ ਉੱਤਰੀ ਅਤੇ ਦੱਖਣੀ ਕੋਰੀਆ ਵਿਚ ਬਦਲ ਗਏ। ਦੱਖਣੀ ਕੋਰੀਆ ਵਿਚ ਅਮਰੀਕੀ ਫੌਜਾਂ ਨੇ ਆ ਡੇਰੇ ਲਾਏ। ਜਦਕਿ ਉੱਤਰੀ ਕੋਰੀਆ ਵਿਚ ਚੀਨ ਨੇ ਆਪਣੀ ਫੌਜ ਭੇਜੀ। 1958 ਵਿਚ ਚੀਨ ਨੇ ਉੱਤਰੀ ਕੋਰੀਆ ਤੋਂ ਆਪਣੀ ਫੌਜ ਵਾਪਸ ਬੁਲਾ ਲਈ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਵਿਚਕਾਰ ਸਖ਼ਤ ਖਿਚਾਅ ਚਲਿਆ ਆ ਰਿਹਾ ਹੈ। ਅਸਲ ਵਿਚ ਜੇ ਕਿਹਾ ਜਾਵੇ, ਤਾਂ ਅਮਰੀਕਾ, ਰੂਸ ਅਤੇ ਚੀਨ ਉੱਤਰੀ ਅਤੇ ਦੱਖਣੀ ਕੋਰੀਆ ਰਾਹੀਂ ਇਸ ਖਿੱਤੇ ਵਿਚ ਆਪਣੀ ਸੰਸਾਰ ਸਰਦਾਰੀ ਲਈ ਲੜਦੇ ਆ ਰਹੇ ਹਨ। ਅਮਰੀਕਾ ਨੇ ਦੱਖਣੀ ਕੋਰੀਆ ਨੂੰ ਨਾ ਸਿਰਫ ਵੱਡੀ ਮਾਤਰਾ ਵਿਚ ਹਥਿਆਰ ਹੀ ਦਿੱਤੇ, ਸਗੋਂ ਆਪਣੀਆਂ ਫੌਜਾਂ ਵੀ ਉਥੇ ਤਾਇਨਾਤ ਰੱਖੀਆਂ। ਇਸੇ ਤਰ੍ਹਾਂ ਉੱਤਰੀ ਕੋਰੀਆ ਨੂੰ ਲੰਬੇ ਸਮੇਂ ਤੱਕ ਰੂਸ ਅਤੇ ਬਾਅਦ ਵਿਚ ਚੀਨ ਵੱਲੋਂ ਮਦਦ ਦਿੱਤੀ ਜਾਂਦੀ ਰਹੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ 2011 ਵਿਚ ਕਿਮ ਜੌਂਗ ਉਨ ਨੇ ਉੱਤਰੀ ਕੋਰੀਆ ਦੇ ਪ੍ਰਸ਼ਾਸਕ ਵਜੋਂ ਕਮਾਨ ਸੰਭਾਲੀ। ਉਸ ਸਮੇਂ ਉਸ ਦੀ ਉਮਰ 27 ਕੁ ਸਾਲ ਦੀ ਸੀ। ਕਿਮ ਇਸ ਵੇਲੇ 34 ਸਾਲ ਦਾ ਹੈ ਅਤੇ ਸ਼ਾਇਦ ਉਹ ਦੁਨੀਆਂ ਵਿਚ ਸਭ ਤੋਂ ਛੋਟੀ ਉਮਰ ਦਾ ਪ੍ਰਸ਼ਾਸਕ ਹੈ। ਕਿਮ ਜੌਂਗ ਨੇ ਰਾਜ ਸੱਤਾ ਸੰਭਾਲਣ ਬਾਅਦ ਸਖਤੀ ਨਾਲ ਰਾਜ ਭਾਗ ਚਲਾਇਆ। ਇਕ ਪਾਸੇ ਉਹ ਅਮਰੀਕਾ ਖਿਲਾਫ ਕੱਟੜ ਦੁਸ਼ਮਣੀ ਭਰੇ ਲਹਿਜ਼ੇ ਨਾਲ ਵਿਚਰਦਾ ਰਿਹਾ, ਉਥੇ ਦੇਸ਼ ਵਿਚ ਵੀ ਉਸ ਦਾ ਵਤੀਰਾ ਬੇਹੱਦ ਸਖ਼ਤ ਰਿਹਾ। ਇੱਥੋਂ ਤੱਕ ਕਿ ਆਪਸੀ ਮਤਭੇਦ ਹੋਣ ਕਾਰਨ ਕਿਮ ਨੇ ਆਪਣੇ ਚਚੇਰੇ ਭਰਾ ਅਤੇ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਵੀ ਨਹੀਂ ਬਖਸ਼ਿਆ। ਕਿਮ ਜੌਂਗ ਦਾ ਸ਼ੁਰੂ ਤੋਂ ਹੀ ਝੁਕਾਅ ਪ੍ਰਮਾਣੂ ਹਥਿਆਰਾਂ ਵਿਚ ਵਾਧਾ ਕਰਨ ਵੱਲ ਰਿਹਾ। ਹੁਣ ਤੱਕ ਉੱਤਰੀ ਕੋਰੀਆ 6 ਪ੍ਰਮਾਣੂ ਤਜ਼ਰਬੇ ਅਤੇ ਦਰਜਨਾਂ ਹੀ ਮਿਜ਼ਾਈਲਾਂ ਦੇ ਤਜ਼ਰਬੇ ਕਰ ਚੁੱਕਾ ਹੈ। ਕੋਰੀਆ ਦੀ ਲਗਾਤਾਰ ਵਧ ਰਹੀ ਪ੍ਰਮਾਣੂ ਸਮਰੱਥਾ ਕਾਰਨ ਪੂਰੀ ਦੁਨੀਆਂ ਵਿਚ ਤੀਜੀ ਸੰਸਾਰ ਜੰਗ ਦਾ ਖਤਰਾ ਅਤੇ ਚਿੰਤਾ ਪਾਈ ਜਾਂਦੀ ਰਹੀ ਹੈ। ਅਮਰੀਕਾ ਵਿਚ ਟਰੰਪ ਵੱਲੋਂ ਪ੍ਰਸ਼ਾਸਨ ਸੰਭਾਲੇ ਜਾਣ ਬਾਅਦ ਉੱਤਰੀ ਕੋਰੀਆ ਖਿਲਾਫ ਬੜਾ ਸਖ਼ਤ ਰੁਖ਼ ਅਪਣਾਇਆ ਗਿਆ। ਟਰੰਪ ਦੇ ਵਤੀਰੇ ਕਾਰਨ ਕਈ ਵਾਰ ਤਾਂ ਅਜਿਹਾ ਲੱਗਦਾ ਸੀ ਕਿ ਉਹ ਉੱਤਰੀ ਕੋਰੀਆ ਨੂੰ ਸਬਕ ਸਿਖਾਉਣ ਲਈ ਜੰਗ ਛੇੜਣ ਤੋਂ ਵੀ ਨਹੀਂ ਝਿਜਕਣਗੇ। ਉੱਤਰੀ ਕੋਰੀਆ ਕੋਲ ਪ੍ਰਮਾਣੂ ਹਥਿਆਰ ਅਤੇ ਅਮਰੀਕਾ ਦੇ ਧੁਰ ਅੰਦਰ ਤੱਕ ਮਾਰ ਕਰਨ ਵਾਲੇ ਮਿਜ਼ਾਈਲਾਂ ਦੀ ਮੌਜੂਦਗੀ ਸੰਭਾਵੀ ਜੰਗ ਨੂੰ ਬਾਕੀ ਦੁਨੀਆਂ ਲਈ ਵੱਡਾ ਖਤਰਾ ਬਣਾ ਸਕਦੀ ਸੀ। ਇਸੇ ਕਾਰਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਮਰੀਕਾ ਨੂੰ ਵਾਰ-ਵਾਰ ਇਹ ਨਸੀਹਤ ਵੀ ਦਿੰਦੇ ਰਹੇ ਕਿ ਕਿਮ ਜੌਂਗ ਉਨ ਨੂੰ ਉਕਸਾਉਣ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤਾ ਜਾਵੇ। ਪਿਛਲੇ 7 ਦਹਾਕਿਆਂ ਦੌਰਾਨ ਬਹੁਤ ਸਾਰੇ ਅਮਰੀਕੀ ਸੁਘੜ ਸਿਆਸਤਦਾਨ ਆਏ। ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼, ਬਿਲ ਕਲਿੰਟਨ ਅਤੇ ਫਿਰ ਬਰਾਕ ਓਬਾਮਾ ਵਰਗੇ ਆਗੂਆਂ ਨੂੰ ਦੁਨੀਆਂ ਨੇ ਬੜੇ ਸੁਘੜ ਕੂਟਨੀਤਿਕ ਅਤੇ ਰਾਜਸੀ ਨੇਤਾਵਾਂ ਵਜੋਂ ਪ੍ਰਵਾਨ ਕੀਤਾ। ਪਰ ਉਨ੍ਹਾਂ ਦੀ ਕੂਟਨੀਤੀ ਅਤੇ ਸਿਆਸਤ ਉੱਤਰੀ ਕੋਰੀਆ ਦੇ ਬੇਲਗਾਮ ਘੋੜੇ ਨੂੰ ਨੱਥ ਨਹੀਂ ਪਾ ਸਕੀ ਅਤੇ ਇਹ ਬੇਲਗਾਮ ਘੋੜਾ ਦੁਨੀਆਂ ਦੀ ਤੀਜੀ ਵੱਡੀ ਸੰਸਾਰ ਜੰਗ ਵੱਲ ਨੂੰ ਦੌੜਨ ਲੱਗਿਆ, ਪਰ ਇਸ ਨੂੰ ਕ੍ਰਿਸ਼ਮਾ ਹੀ ਆਖਿਆ ਜਾ ਸਕਦਾ ਹੈ ਕਿ ਅਮਰੀਕੀ ਪ੍ਰੈੱਸ ਵੱਲੋਂ ‘ਉਜੱਡ’ ਕਹੇ ਜਾਂਦੇ ਡੋਨਾਲਡ ਟਰੰਪ ਨੇ ਆਪਣੀ ਕੂਟਨੀਤੀ ਦੇ ਜ਼ੋਰ ‘ਤੇ ਕਿਮ ਜੌਂਗ ਨੂੰ ਸਹੀ ਰਸਤੇ ‘ਤੇ ਲੈ ਆਉਂਦਾ ਹੈ।
ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਇਸ ਇਤਿਹਾਸਕ ਫੈਸਲੇ ਨਾਲ ਸੰਸਾਰਿਕ ਹਾਲਤ ਅੱਜ ਇਕ ਵਾਰ ਫਿਰ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ। ਉੱਤਰੀ ਕੋਰੀਆ ਦੇ ਪ੍ਰਸ਼ਾਸਕ ਕਿਮ ਜੌਂਗ ਉਨ ਨੇ ਪੂਰਨ ਨਿਸ਼ਸਤਰੀਕਰਣ ਦੀ ਗੱਲ ਪ੍ਰਵਾਨ ਕਰ ਲਈ ਹੈ ਅਤੇ ਦੂਜੇ ਪਾਸੇ ਅਮਰੀਕਾ ਨੇ ਉਸ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ। ਉੱਤਰੀ ਕੋਰੀਆ ਵੱਲੋਂ ਨਿਸ਼ਸਤਰੀਕਰਣ ਅਤੇ ਅਮਰੀਕਾ ਵੱਲੋਂ ਦਿੱਤੇ ਸੁਰੱਖਿਆ ਦੇ ਭਰੋਸੇ ਸੰਸਾਰ ਲਈ ਬੜੇ ਅਹਿਮ ਹਨ। ਜੇਕਰ ਇਨ੍ਹਾਂ ਦੋਹਾਂ ਭਰੋਸਿਆਂ ਉਪਰ ਸਹੀ ਢੰਗ ਨਾਲ ਅਮਲ ਹੁੰਦਾ ਹੈ। ਤਾਂ ਇਹ ਸੰਸਾਰ ਭਰ ਵਿਚ ਚੱਲ ਰਹੀ ਕਸੀਦਗੀ ਦੇ ਦੌਰ ਨੂੰ ਖਤਮ ਕਰਨ ਵੱਲ ਪੁੱਟਿਆ ਇਕ ਵੱਡਾ ਕਦਮ ਕਿਹਾ ਜਾ ਸਕਦਾ ਹੈ। ਡੋਨਾਲਡ ਟਰੰਪ ਦੀਆਂ ਬਹੁਤ ਸਾਰੀਆਂ ਨੀਤੀਆਂ ‘ਤੇ ਅਮਲ ਕਾਰਨ ਅਮਰੀਕਾ ਅੰਦਰ ਉਨ੍ਹਾਂ ਦੀ ਵੱਡੀ ਪੱਧਰ ‘ਤੇ ਆਲੋਚਨਾ ਹੋ ਰਹੀ ਸੀ ਅਤੇ ਖਾਸਕਰ ਅਮਰੀਕੀ ਮੀਡੀਆ ਅੰਦਰ ਉਨ੍ਹਾਂ ਬਾਰੇ ਅਸਫਲ ਪ੍ਰਸ਼ਾਸਕ ਵਾਲਾ ਪ੍ਰਭਾਵ ਬਣਨ ਲੱਗਾ ਸੀ। ਪਰ ਇਸ ਇਤਿਹਾਸਕ ਫੈਸਲੇ ਨਾਲ ਡੋਨਾਲਡ ਟਰੰਪ ਜਿੱਥੇ ਕੌਮਾਂਤਰੀ ਸਿਆਸਤ ਵਿਚ ਅਹਿਮ ਥਾਂ ਹਾਸਲ ਕਰ ਗਏ ਹਨ, ਉਥੇ ਦੇਸ਼ ਅੰਦਰ ਵੀ ਉਨ੍ਹਾਂ ਨੂੰ ਹਰਮਨਪਿਆਰਤਾ ਮਿਲਣੀ ਲਾਜ਼ਮੀ ਹੈ। ਸੰਯੁਕਤ ਰਾਸ਼ਟਰ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਨੇ ਇਸ ਇਤਿਹਾਸਕ ਫੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਤੀਜੀ ਸੰਸਾਰ ਜੰਗ ਦੀ ਚਿੰਤਾ ਤੋਂ ਗ੍ਰਸਤ ਲੋਕਾਂ ਨੂੰ ਇਸ ਇਤਿਹਾਸਕ ਫੈਸਲੇ ਨੇ ਸੁੱਖ ਦਾ ਸਾਹ ਦਿੱਤਾ ਹੈ। ਆਓ ਮਨੋਕਾਮਨਾ ਕਰੀਏ ਕਿ ਆਉਣ ਵਾਲੇ ਦਿਨਾਂ ਵਿਚ ਈਰਾਨ ਅਤੇ ਹੋਰ ਮੁਲਕਾਂ ਨਾਲ ਵੀ ਇਸੇ ਦਿਸ਼ਾ ਵੱਲ ਕਦਮ ਪੁੱਟੇ ਜਾ ਸਕਣ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article