ਟਰੈਵਲ ਏਜੰਸੀ ਵੱਲੋਂ ਪਰਵਾਸੀ ਭਾਰਤੀਅਾਂ ਨੂੰ ਤਿੰਨ ਲੱਖ ਡਾਲਰ ਦਾ ਰਗੜਾ

ਸਿਡਨੀ, 14 ਨਵੰਬਰ (ਪੰਜਾਬ ਮੇਲ)- ਇਥੇ ਭਾਰਤੀ ਪਿਛੋਕੜ ਦੇ ਸੈਂਕੜੇ ਪਰਵਾਸੀਆਂ ਨੂੰ ਇਕ ਟਰੈਵਲ ਕੰਪਨੀ ਨੇ ਤਿੰਨ ਲੱਖ ਡਾਲਰ ਦਾ ਰਗੜਾ ਲਗਾ ਦਿੱਤਾ ਹੈ। ਆਪਣੇ ਵਤਨ ਫੇਰਾ ਪਾਉਣ ਲਈ ਉਤਾਵਲੇ ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਕਿਉਂਕਿ ਇਸ ਕੰਪਨੀ ਵੱਲੋਂ ਉਨ੍ਹਾਂ ਨੂੰ ਜਾਰੀ ਕੀਤੀਆਂ ਟਿਕਟਾਂ ਬੋਗਸ ਨਿਕਲੀਆਂ ਹਨ। ਤਕਰੀਬਨ ਡੇਢ ਕਰੋੜ ਰੁਪਏ ਦਾ ਇਹ ਘਪਲਾ ਭਾਰਤੀ ਮੂਲ ਦੇ ਜੋੜੇ ਵੱਲੋਂ ਬਣਾਈ ਵੈਲਿਊ ਵਰਲਡ ਟਰੈਵਲ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਪੱਛਮੀ ਸਿਡਨੀ, ਜੋ ਭਾਰਤੀ ਪੰਜਾਬੀਆਂ ਦਾ ਗੜ੍ਹ ਹੈ, ਵਿੱਚ ਇਸ ਕੰਪਨੀ ਨੇ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਹੈ। ਕੁਝ ਮਹੀਨੇ ਪਹਿਲਾਂ ਬਹੁਤ ਸਾਰੇ ਪਰਵਾਸੀ ਭਾਰਤੀਅਾਂ ਤੇ ਹੋਰ ਲੋਕਾਂ ਨੇ ਕ੍ਰਿਸਮਸ ਦੀਆਂ ਛੁੱਟੀਆ ਦੇ ਮੱਦੇਨਜ਼ਰ ਆਪਣੇ ਵਤਨ ਤੇ ਹੋਰ ਮੁਲਕਾਂ ਨੂੰ ਚਾਲੇ ਪਾਉਣ ਲਈ ਇਸ ਕੰਪਨੀ ਰਾਹੀਂ ਐਡਵਾਸ ਟਿਕਟਾਂ ਦੀ ਬੁਕਿੰਗ ਕਰਵਾਈ ਸੀ। ਤਕਰੀਬਨ ਦੋ ਹਜ਼ਾਰ ਟਿਕਟਾਂ (1200 ਤੋਂ 1400 ਡਾਲਰ ਦਰਮਿਆਨ ਪ੍ਰਤੀ ਟਿਕਟ) ਬੁੱਕ ਹੋਈਆਂ ਸਨ। ਇਨ੍ਹਾਂ ਲੋਕਾਂ ਨੂੰ ਹੁਣ ਇਹੀ ਟਿਕਟ ਦੋ ਹਜ਼ਾਰ ਡਾਲਰ ਤੋਂ ਵੱਧ ਕੀਮਤ ’ਤੇ ਖਰੀਦਣੀ ਪੈ ਰਹੀ ਹੈ।
ਵਿਜਯੰਤ ਤਿਵਾੜੀ (42) ਅਤੇ ਹਿੱਸੇਦਾਰ ਸ੍ਰੀਮਤੀ ਗਾਰਗੀ ਤ੍ਰਿਪਾਠੀ (40) ਨੇ ਇਹ ਟਰੈਵਲ ਟਿਕਟ ਕੰਪਨੀ ਖੋਲ੍ਹੀ ਸੀ। ਉਨ੍ਹਾਂ ਦੀ ਇੱਕ ਹੋਰ ਕਾਰਾਂ ਲਈ ਲੋੜੀਂਦੀ ਗਰੀਨ ਸਲਿੱਪ ਵੈਲਿਊ ਵਰਲਡ ਕੰਪਨੀ ਸੀ, ਜਿਸ ’ਤੇ ਤਰੁੱਟੀਆਂ ਕਾਰਨ ਕਾਰੋਬਾਰ ਕਰਨ ‘ਤੇ ਪਾਬੰਦੀ ਲੱਗ ਗਈ ਹੈ। ਆਸਟਰੇਲੀਆ ਦੇ ਸੁਰੱਖਿਅਾ ਐਂਡ ਨਿਵੇਸ਼ ਕਮਿਸ਼ਨ ਨੇ ਇਨ੍ਹਾਂ ਦੋਵਾਂ ਨੂੰ ਜਨਵਰੀ ਵਿੱਚ ਕੰਪਨੀ ਦੇ ਵਿੱਤੀ ਰਿਕਾਰਡ ’ਚ ਹੇਰਾਫੇਰੀ ਕਰਨ ਅਤੇ ਫਰਜ਼ ਦੀ ਪਾਲਣਾ ਨਾ ਕਰਨ ’ਚ ਦੋਸ਼ੀ ਕਰਾਰ ਦਿੱਤਾ ਸੀ। ਅਕਤੂਬਰ ਤੋਂ ਉਨ੍ਹਾਂ ਨੇ ਵੈਲਿਊ ਵਰਲਡ ਟਰੈਵਲ ਕੰਪਨੀ ਦੇ ਦਰਵਾਜ਼ੇ ਵੀ ਢੋਅ ਲਏ ਹਨ। ਸੂਬਾ ਨਿਊ ਸਾਊਥ ਵੇਲਜ਼ ਦੇ ਫੇਅਰ ਵਪਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਝਗੜਾ ਖਪਤਕਾਰ ਤੇ ਕੰਪਨੀ ਵਿਚਾਲੇ ਹੈ, ਜਿਸ ਨਾਲ ਨਜਿੱਠਣ ਲਈ ਸਮਾਂ ਲੱਗੇਗਾ ਪਰ ਇਨਸਾਫ਼ ਜ਼ਰੂਰ ਮਿਲੇਗਾ।
There are no comments at the moment, do you want to add one?
Write a comment