ਟਕਸਾਲੀ ਕਾਂਗਰਸੀ ਆਗੂ ਸੁਖਦੇਵ ਮਿਰਜ਼ਾਪੁਰ ਦਾ ਦਿਹਾਂਤ

ਪਟਿਆਲਾ, 29 ਜੂਨ (ਪੰਜਾਬ ਮੇਲ)- ਵਿਦਿਆਰਥੀ ਜੀਵਨ ਤੋਂ ਸਿਆਸਤ ਦੀ ਸ਼ੁਰੂਆਤ ਕਰ ਕੇ ਕਾਂਗਰਸ ਪਾਰਟੀ ਨਾਲ ਜੁੜੇ ਟਕਸਾਲੀ ਕਾਂਗਰਸੀ ਆਗੂ ਸੁਖਦੇਵ ਮਿਰਜ਼ਾਪੁਰ ਦਾ ਬੀਤੇ ਦਿਨੀਂ ਦਿਹਾਂਤ ਨੂੰ ਹੋ ਗਿਆ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਸੁਖਦੇਵ ਸਿੰਘ ਮਿਰਜ਼ਾਪੁਰ ਲਗਾਤਾਰ 20 ਸਾਲ ਪਿੰਡ ਮਿਰਜ਼ਾਪੁਰ ਦੇ ਸਰਪੰਚ ਰਹੇ, 2 ਵਾਰ ਬਲਾਕ ਸੰਮਤੀ ਪਟਿਆਲਾ ਦੇ ਮੈਂਬਰ ਰਹੇ ਅਤੇ ਲੈਂਡ ਮਾਰਟਗੇਜ ਬੈਂਕ ਪਟਿਆਲਾ ਦੇ ਚੇਅਰਮੈਨ ਤੋਂ ਇਲਾਵਾ ਬੈਂਕ ਦੇ ਸਟੇਟ ਦੇ ਡਾਇਰੈਕਟਰ ਵੀ ਰਹੇ। ਮੌਜੂਦਾ ਸਮੇਂ ‘ਚ ਸੁਖਦੇਵ ਮਿਰਜ਼ਾਪੁਰ ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਸਨ। ਸੁਖਦੇਵ ਮਿਰਜ਼ਾਪੁਰ ਪਿੱਛੇ ਪਰਿਵਾਰ ਵਿਚ ਇਕ ਬੇਟਾ ਅਮਨਪ੍ਰੀਤ ਸਿੰਘ ਛੱਡ ਗਏ ਹਨ। ਅਮਨਪ੍ਰੀਤ ਮਿਰਜ਼ਾਪੁਰ ਪੇਸ਼ੇ ਤੋਂ ਵਕੀਲ ਹਨ ਤੇ ਪਿੰਡ ਮਿਰਜ਼ਾਪੁਰ ਦਾ ਮੌਜੂਦਾ ਸਰਪੰਚ ਹੈ। ਸੁਖਦੇਵ ਮਿਰਜ਼ਾਪੁਰ ਦੇ ਅੰਤਿਮ ਸੰਸਕਾਰ ਸਮੇਂ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਹੁੰਚ ਕੇ ਸੁਖਦੇਵ ਮਿਰਜ਼ਾਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਤੋਂ ਇਲਾਵਾ ਕਈ ਵਿਧਾਇਕਾਂ, ਸਾਬਕਾ ਮੰਤਰੀਆਂ, ਚੇਅਰਮੈਨਾਂ, ਸਾਬਕਾ ਚੇਅਰਮੈਨਾਂ, ਕਾਂਗਰਸ ਪਾਰਟੀ ਦੇ ਆਗੂਆਂ ਨੇ ਮਿਰਜ਼ਾਪੁਰ ਪਰਿਵਾਰ ਨਾਲ ਅਫਸੋਸ ਜ਼ਾਹਰ ਕੀਤਾ। ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ, ਸਮਾਜਕ ਤੇ ਧਾਰਮਕ ਸੰਸਥਾਵਾਂ ਦੇ ਆਗੂ ਪਹੁੰਚੇ ਹੋਏ ਸਨ।
ਇਸ ਮੌਕੇ ਮਿਰਜ਼ਾਪੁਰ ਪਰਿਵਾਰ ਦੇ ਦੁੱਖ ਦੀ ਘੜੀ ਵਿਚ ਸਾਬਕਾ ਕੌਂਸਲਰ ਗੁਰਦੇਵ ਪੂਨੀਆਂ, ਜਸਪਾਲ ਭਟੇੜੀ, ਡੀ. ਐੱਸ. ਪੀ. ਦਲਬੀਰ ਗਰੇਵਾਲ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਡਿਪਟੀ ਐਡਵੋਕੇਟ ਜਨਰਲ ਰਣਧੀਰ ਸਿੰਘ ਥਿੰਦ, ਪਟਿਆਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਐੱਸ. ਘੁੰਮਣ, ਐਡਵੋਕੇਟ ਦੀਪਕ ਸੂਦ, ਇੰਸ. ਹਰਜਿੰਦਰ ਸਿੰਘ ਢਿੱਲੋਂ, ਇੰਸ. ਪ੍ਰਦੀਪ ਬਾਜਵਾ ਤੋਂ ਇਲਾਵਾ ਕਈ ਸਿਵਲ ਅਤੇ ਪੁਲਸ ਅਧਿਕਾਰੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਾਬਕਾ ਕੌਂਸਲਰ ਗੁਰਦੇਵ ਸਿੰਘ ਪੂਨੀਆਂ ਨੇ ਕਿਹਾ ਕਿ ਸ. ਸੁਖਦੇਵ ਸਿੰਘ ਮਿਰਜ਼ਾਪੁਰ ਦੇ ਅਕਾਲ ਚਲਾਣੇ ਨਾਲ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਰਾਜਨੀਤਕ ਆਗੂ ਦੇ ਨਾਲ-ਨਾਲ ਵੱਡੇ ਸਮਾਜ ਸੇਵਕ ਵੀ ਸਨ।