ਜੱਸੀ ਹੱਤਿਆ ਕਾਂਡ: ਝੂਠੇ ਕੇਸਾਂ ’ਚ ਫਸਾਉਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਚੰਡੀਗੜ੍ਹ, 12 ਮਾਰਚ (ਪੰਜਾਬ ਮੇਲ)- ਕੈਨੇਡਾ ’ਚ ਜਨਮੀ ਜਸਵਿੰਦਰ ਕੌਰ ਜੱਸੀ ਨੂੰ ਅਣਖ ਖਾਤਰ ਕਤਲ ਕੀਤੇ ਜਾਣ ਮਗਰੋਂ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ (41) ਨੂੰ ਕਈ ਸਾਲਾਂ ਤਕ ਪੰਜਾਬ ਪੁਲੀਸ ਵੱਲੋਂ ਕਥਿਤ ਤੌਰ ’ਤੇ ਝੂਠੇ ਕੇਸਾਂ ’ਚ ਫਸਾਏ ਜਾਣ ’ਤੇ ਹੁਣ ਅਖੀਰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਝੂਠੇ ਕੇਸਾਂ ਦੀ ਤਫ਼ਤੀਸ਼ ਲਈ ਬਣਾਏ ਗਏ ਜਾਂਚ ਕਮਿਸ਼ਨ ਨੇ ਮਿੱਠੂ ਖ਼ਿਲਾਫ਼ ਬਕਾਇਆ ਐਫਆਈਆਰ ਰੱਦ ਕਰਨ ਅਤੇ ਝੂਠੇ ਕੇਸਾਂ ’ਚ ਫਸਾਉਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਬੀ ਐਸ ਮਹਿੰਦੀਰੱਤਾ ਨੇ ਅੱਜ ਜਾਰੀ ਹੁਕਮਾਂ ’ਚ ਕਿਹਾ ਕਿ ਕਾਉਂਕੇ ਖੋਸਾ (ਜਗਰਾਉਂ) ਦੇ ਵਸਨੀਕ ਮਿੱਠੂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿੱਠੂ ਨੂੰ ਢੁੱਕਵਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੋ ਪੁਲੀਸ ਅਧਿਕਾਰੀਆਂ ਤੋਂ ਵਸੂਲਿਆ ਜਾਵੇ। ਉਨ੍ਹਾਂ ਕੋਤਾਹੀ ਵਰਤਣ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਧਾਰਾ 182 ਤਹਿਤ ਕੇਸ ਚਲਾਉਣ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੇ 8 ਜੂਨ 2000 ਨੂੰ ਜੱਸੀ ਦਾ ਕਤਲ ਕਰਵਾ ਦਿੱਤਾ ਸੀ। ਦੋਵੇਂ ਜਣੇ ਅਜੇ ਕੈਨੇਡਾ ’ਚ ਹਨ ਅਤੇ ਉਨ੍ਹਾਂ ਨੂੰ ਭਾਰਤ ’ਚ ਅਜੇ ਲਿਆਉਣਾ ਬਾਕੀ ਹੈ।