ਮੁਹਾਲੀ, 16 ਜੂਨ (ਪੰਜਾਬ ਮੇਲ)-ਹਿੰਦੂ ਆਗੂ ਅਮਿਤ ਅਰੋੜਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਨਾਮਜ਼ਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਉਰਫ਼ ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 18 ਜੂਨ ਤਕ ਟਲ ਗਈ ਹੈ। ਮੁਲਜ਼ਮ ਨੇ ਪਿਛਲੇ ਦਿਨੀਂ ਮੁਹਾਲੀ ਸਥਿਤ ਐੱਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਮੁਲਜ਼ਮ ਜੱਗੀ ਜੌਹਲ ਆਰਐੱਸਐੱਸ ਆਗੂ ਅਤੇ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ ਮਾਮਲੇ ਵਿਚ ਵੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਬਚਾਅ ਪੱਖ ਦੇ ਵਕੀਲਾਂ ਜਸਪਾਲ ਸਿੰਘ ਮੰਝਪੁਰ ਅਤੇ ਰਣਜੋਧ ਸਿੰਘ ਸਰਾਓ ਨੇ ਐੱਨਆਈਏ ਅਦਾਲਤ ਨੂੰ ਦੱਸਿਆ ਕਿ ਜੱਗੀ ਜੌਹਲ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਜਦੋਂ ਪੰਜਾਬ ਵਿਚ ਹਿੰਦੂ ਆਗੂਆਂ ’ਤੇ ਹਮਲੇ ਹੋਏ, ਉਦੋਂ ਜੱਗੀ ਜੌਹਲ ਵਿਦੇਸ਼ ਵਿਚ ਸੀ। ਸਰਕਾਰੀ ਵਕੀਲ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਮੁਲਜ਼ਮ ਨੂੰ ਜ਼ਮਾਨਤ ਨਾ ਦੇਣ ’ਤੇ ਜ਼ੋਰ ਦਿੱਤਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਮੁਲਜ਼ਮ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਲਈ ਹੁਣ 18 ਜੂਨ ਤਰੀਕ ਨਿਸ਼ਚਿਤ ਕੀਤੀ ਹੈ।