ਜੰਮੂ-ਕਸ਼ਮੀਰ ‘ਚ ਪੀ.ਡੀ.ਪੀ. ਦਫ਼ਤਰ ‘ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰਨ ਵਾਲਾ ਕਾਰਕੁੰਨ ਪੁਲਿਸ ਵੱਲੋਂ ਗ੍ਰਿਫ਼ਤਾਰ

62
Share

ਜੰਮੂ, 3 ਨਵੰਬਰ (ਪੰਜਾਬ ਮੇਲ)- ਪੀਡੀਪੀ ਦਫ਼ਤਰ ਉੱਪਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰਨ ਵਾਲੇ ਕਾਰਕੁਨ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਤਿਰੰਗੇ ਬਾਰੇ ਮਹਿਬੂਬਾ ਮੁਫਤੀ ਵੱਲੋਂ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਉਸ ਨੇ ਪੀ.ਡੀ.ਪੀ. ਦਫ਼ਤਰ ‘ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। 24 ਅਕਤੂਬਰ ਨੂੰ ਅਮਨਦੀਪ ਸਿੰਘ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੇ ਦਫ਼ਤਰ ਦੇ ਮੁੱਖ ਦਰਵਾਜ਼ੇ ਦੇ ਨੇੜੇ ਬਾਹਰਲੀ ਦੀਵਾਰ ਉੱਤੇ ਕੌਮੀ ਝੰਡਾ ਲਹਿਰਾਇਆ ਸੀ ਅਤੇ ਇੱਕ ਦਿਨ ਬਾਅਦ, ਉਸਨੇ ਕੁਝ ਨੌਜਵਾਨਾਂ ਨਾਲ ਪਾਰਟੀ ਦੇ ਮੁੱਖ ਦਫਤਰ ‘ਤੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਉਸ ਨੂੰ ਰੋਕ ਦਿੱਤਾ ਸੀ। ਐੱਸ.ਐੱਸ.ਪੀ. ਜੰਮੂ ਸ੍ਰੀਧਰ ਪਾਟਿਲ ਨੇ ਅਮਨਦੀਪ ਨੂੰ ਹਿਰਾਸਤ ਵਿਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਕਾਨੂੰਨ ਵਿਵਸਥਾ ਖ਼ਰਾਬ ਕਰਨ ਲਈ ਨਹੀਂ, ਸਗੋਂ ਕਿਸੇ ਹੋਰ ਕੇਸ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਜਦੋਂ ਅਮਨਦੀਪ ਨੂੰ ਵਾਹਨ ਵਿਚ ਉਥੋਂ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਪੀ.ਡੀ.ਪੀ. ਦੇ ਦਬਾਅ ਹੇਠ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਦੀ ਟੀਮ ਨੇ ਸੰਜੇ ਨਗਰ ਸਥਿਤ ਊਸ ਦੇ ਘਰ ‘ਤੇ ਛਾਪਾ ਮਾਰਿਆ ਤੇ ਉਸ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿਚ ਆਪਣੇ ਨਾਲ ਲੈ ਗਈ। ਦੂਜੇ ਪਾਸੇ ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ।


Share