ਜੰਤਰ ਮੰਤਰ ’ਤੇ ਜਾਰੀ ਕਿਸਾਨ ਸੰਸਦ ਵੱਲੋਂ ਠੇਕਾ ਖੇਤੀ ਕਾਨੂੰਨ ਰੱਦ

180
Share

-ਭਾਰੀ ਮੀਂਹ ਦੇ ਬਾਵਜੂਦ ਛੇਵੇਂ ਦਿਨ ਵੀ ਕਿਸਾਨਾਂ ਦੀ ਸੰਸਦ ਨਿਰਵਿਘਨ ਜਾਰੀ ਰਹੀ
ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਇਥੇ ਜੰਤਰ-ਮੰਤਰ ’ਤੇ ਜਾਰੀ ਕਿਸਾਨ ਸੰਸਦ ਦੀ ਕਾਰਵਾਈ ਛੇਵੇਂ ਦਿਨ ਅਨੁਸ਼ਾਸਨ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ। ਭਾਰੀ ਮੀਂਹ ਦੇ ਬਾਵਜੂਦ 200 ਕਿਸਾਨਾਂ ਨੇ ਸੰਸਦ ਦੀ ਕਾਰਵਾਈ ਸਮੇਂ ਸਿਰ ਪੂਰੀ ਕੀਤੀ। ਇਸ ਦੌਰਾਨ ਕਰੀਬ 50 ਬੁਲਾਰਿਆਂ ਨੇ ਭਾਗ ਲਿਆ। ਸੰਸਦ ਦੇ ਪਹਿਲੇ ਸੈਸ਼ਨ ਦੌਰਾਨ ਸਪੀਕਰ ਅਤੇ ਡਿਪਟੀ ਸਪੀਕਰ ਵਜੋਂ ਪ੍ਰੇਮ ਸਿੰਘ ਭੰਗੂ ਤੇ ਗੁਰਨਾਮ ਸਿੰਘ ਚੜੂਨੀ, ਦੂਜੇ ਸੈਸ਼ਨ ਦੌਰਾਨ ਅਤੁਲ ਕੁਮਾਰ ਅੰਜਾਨ ਤੇ ਗਗਨਦੀਪ ਸਿੰਘ ਅਤੇ ਤੀਜੇ ਸੈਸ਼ਨ ਦੌਰਾਨ ਅਨੁਰਾਧਾ ਭਾਰਗਵ ਅਤੇ ਹਰਬੰਸ ਸਿੰਘ ਸੰਘਾ ਨੇ ਜ਼ਿੰਮੇਵਾਰੀ ਨਿਭਾਈ। ਅੱਜ ਦੀ ਬਹਿਸ ਦਾ ਮੁੱਦਾ 2020 ’ਚ ਕੇਂਦਰ ਸਰਕਾਰ ਵੱਲੋਂ ਲਿਆਂਦਾ ਠੇਕਾ ਖੇਤੀ ਕਾਨੂੰਨ ਸੀ। ਕਿਸਾਨ ਸੰਸਦ ਨੇ ਸਰਬਸੰਮਤੀ ਨਾਲ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਆਸ਼ਵਾਸਨ ਅਤੇ ਕਿ੍ਰਸ਼ੀ ਸੇਵਾ ਕਾਨੂੰਨ-2020 ਨੂੰ ਗੈਰਕਾਨੂੰਨੀ, ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਦੱਸਦਿਆਂ ਇਸ ਨੂੰ ਰੱਦ ਕਰ ਦਿੱਤਾ। ਕਿਸਾਨਾਂ ਨੇ ਦਲੀਲ ਦਿੱਤੀ ਕਿ ਇਹ ਕਾਨੂੰਨ ਕਾਰਪੋਰੇਟ ਖੇਤੀ ਲਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਦਾ ਵਿਰੋਧੀ ਹੈ। ਕਿਸਾਨ ਸੰਸਦ ਨੇ ਕੁਝ ਅਹਿਦ ਵੀ ਲਏ ਅਤੇ ਕਿਹਾ ਕਿ ਰਾਸ਼ਟਰਪਤੀ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਸੰਸਦ ਦੀ ਸਰਵਉੱਚਤਾ ਬਰਕਰਾਰ ਰਹੇ।


Share