ਜੋਅ ਬਾਇਡਨ ਸੈਨੇਟ ਦੇ ਉਮੀਦਵਾਰਾਂ ਲਈ ਕਰਨਗੇ ਜਾਰਜੀਆ ‘ਚ ਚੋਣ ਪ੍ਰਚਾਰ

111
Share

ਫਰਿਜ਼ਨੋ, 16 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਮੰਗਲਵਾਰ ਨੂੰ ਜਾਰਜੀਆ ਦੇ ਐਟਲਾਂਟਾ ‘ਚ ਸੈਨੇਟ ਦੀਆਂ ਚੋਣਾਂ ਲਈ ਡੈਮੋਕਰੇਟ ਉਮੀਦਵਾਰਾਂ ਜੋਨ ਓਸੋਫ ਅਤੇ ਰਾਫੇਲ ਵਾਰਨੌਕ ਲਈ ਪ੍ਰਚਾਰ ਕਰਨਗੇ, ਜਿਸ ਨਾਲ ਕਿ 5 ਜਨਵਰੀ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ‘ਚ ਰਿਪਬਲਿਕਨ ਉਮੀਦਵਾਰਾਂ ਨੂੰ ਹਰਾਉਣ ਵਿਚ ਸਹਾਇਤਾ ਮਿਲ ਸਕਦੀ ਹੈ। ਬਾਇਡਨ ਇਸ ਮੁਹਿੰਮ ਦੌਰਾਨ ਇੱਕ ਰੈਲੀ ਵਿਚ ਸ਼ਾਮਲ ਹੋਣਗੇ, ਜਿਸਦਾ ਉਦੇਸ਼ ਦੋਵਾਂ ਡੈਮੋਕਰੇਟ ਉਮੀਦਵਾਰਾਂ ਲਈ ਇਸ ਨਾਜ਼ੁਕ ਚੋਣ ਤੋਂ ਤਿੰਨ ਹਫਤੇ ਪਹਿਲਾਂ ਵੋਟਿੰਗ ਨੂੰ ਵਧਾਉਣਾ ਹੈ, ਜੋ ਕਿ ਸੈਨੇਟ ਵਿਚ ਪਾਰਟੀ ਦੀ ਤਾਕਤ ਲਈ ਸੰਤੁਲਨ ਨਿਰਧਾਰਤ ਕਰੇਗੀ। ਇਨ੍ਹਾਂ ਚੋਣਾਂ ਵਿਚ ਜੇਕਰ ਡੈਮੋਕਰੇਟ ਉਮੀਦਵਾਰ ਜਿੱਤਦੇ ਹਨ, ਤਾਂ ਉਹ ਸੈਨੇਟ ‘ਤੇ ਕਾਬਜ਼ ਹੋਣਗੇ। ਬਾਇਡਨ ਦੀ ਛੇ ਹਫ਼ਤਿਆਂ ਵਿਚ ਇਹ ਪਹਿਲੀ ਮੁਹਿੰਮ ਯਾਤਰਾ ਹੈ, ਜਿਸ ਵਿਚ ਇਨ੍ਹਾਂ ਦੋਵੇਂ ਉਮੀਦਵਾਰਾਂ ਦੇ ਨਾਲ ਸਟੇਸੀ ਅਬਰਾਮਸ ਅਤੇ ਐਟਲਾਂਟਾ ਦੇ ਮੇਅਰ ਕੀਸ਼ਾ ਲਾਂਸ ਬੋਟਮਜ਼ ਵੀ ਸ਼ਾਮਲ ਹੋਣਗੇ। ਅਧਿਕਾਰੀਆਂ ਅਨੁਸਾਰ ਇਸ ਦੌਰਾਨ ਬਾਇਡਨ ਰਾਸ਼ਟਰ ਦੇ ਨਾਮ ਏਕਤਾ ਦਾ ਸੰਦੇਸ਼ ਦੇਣਗੇ। ਇਸਦੇ ਇਲਾਵਾ ਬਾਇਡਨ ਟੀਮ ਨੇ ਡੈਮੋਕਰੇਟਸ ਲਈ 5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹੋਰ ਮੁਹਿੰਮਾਂ ਲਈ 10 ਮਿਲੀਅਨ ਡਾਲਰ ਜੁਟਾਉਣ ‘ਚ ਵੀ ਸਹਾਇਤਾ ਕੀਤੀ ਹੈ।


Share