ਜੋਅ ਬਾਇਡਨ ਨੇ ਵਾਈਟ ਹਾਊਸ ਲਈ ਤਿਆਰੀ ਆਰੰਭੀ

148
Share

ਟਰੰਪ ਨੇ ਚੋਣ ਨਤੀਜਿਆਂ ਖ਼ਿਲਾਫ਼ ਰੋਸ ਰੈਲੀਆਂ ਦੀ ਕੀਤੀ ਯੋਜਨਾਬੰਦੀ
-ਬੁਸ਼ ਵੱਲੋਂ ਬਾਇਡਨ ਨੂੰ ਵਧਾਈ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਡੈਮੋਕਰੈਟ ਜੋਅ ਬਾਇਡਨ ਨੇ ਵਾਈਟ ਹਾਊਸ ਲਈ ਤਿਆਰੀ ਆਰੰਭ ਦਿੱਤੀ ਹੈ, ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਨਤੀਜਿਆਂ ਖ਼ਿਲਾਫ਼ ਰੋਸ ਰੈਲੀਆਂ ਦੀ ਯੋਜਨਾਬੰਦੀ ਕੀਤੀ ਹੈ। ਬਾਇਡਨ ਵੱਲੋਂ ਰਾਸ਼ਟਰਪਤੀ ਬਣਨ ਲਈ ਲੋੜੀਂਦੇ ਸੂਬੇ ਜਿੱਤਣ ਤੋਂ ਬਾਅਦ ਵੀ ਟਰੰਪ ਨੇ ਹਾਰ ਕਬੂਲਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ। ਕਾਂਗਰਸ ‘ਚ ਟਰੰਪ ਦੇ ਕਈ ਰਿਪਬਲਿਕਨ ਸਹਿਯੋਗੀਆਂ ਨੇ ਵੀ ਹਾਲੇ ਤੱਕ ਬਾਇਡਨ ਦੀ ਜਿੱਤ ਨੂੰ ਨਹੀਂ ਮੰਨਿਆ ਹੈ। ਇਸ ਦੇ ਉਲਟ ਟਰੰਪ ਚੋਣ ਨਤੀਜਿਆਂ ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਲਈ ਸਮਰਥਨ ਜੁਟਾਉਣ ਖਾਤਰ ਰੈਲੀਆਂ ਦੀ ਤਿਆਰੀ ਕਰ ਰਹੇ ਹਨ। ਵੋਟਾਂ ਦੀ ਮੁੜ ਗਿਣਤੀ ਲਈ ਦਬਾਅ ਬਣਾਉਣ ਲਈ ਟਰੰਪ ਦੀ ਚੋਣ ਮੁਹਿੰਮ ਨੇ ਕਈ ਟੀਮਾਂ ਦਾ ਗਠਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਡੈਮੋਕਰੈਟਾਂ ‘ਤੇ ਚੋਣਾਂ ਵਿਚ ਧੋਖਾ ਕਰਨ ਦਾ ਦੋਸ਼ ਲਾ ਚੁੱਕੇ ਹਨ। ਰੈਲੀਆਂ ਕਦੋਂ ਸ਼ੁਰੂ ਹੋਣਗੀਆਂ, ਇਸ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਲੇ ਤੱਕ ਵੋਟਾਂ ਵਿਚ ਕੋਈ ਧੋਖਾਧੜੀ ਸਾਹਮਣੇ ਨਹੀਂ ਆਈ ਤੇ ਟਰੰਪ ਧੜੇ ਵੱਲੋਂ ਆਪਣੇ ਦਾਅਵੇ ਬਾਰੇ ਕੋਈ ਸਬੂਤ ਵੀ ਨਹੀਂ ਦਿੱਤਾ ਗਿਆ। ਬਾਇਡਨ ਨੂੰ ਟਰੰਪ ਨਾਲੋਂ 40 ਲੱਖ ਵੱਧ ਵੋਟਾਂ ਪਈਆਂ ਹਨ ਤੇ ਸਾਬਕਾ ਉਪ ਰਾਸ਼ਟਰਪਤੀ ਦੀਆਂ ਇਲੈਕਟੋਰਲ ਕਾਲਜ ਵੋਟਾਂ 300 ਤੋਂ ਵੱਧ ਸਕਦੀਆਂ ਹਨ। ਜਦਕਿ ਰਾਸ਼ਟਰਪਤੀ ਬਣਨ ਲਈ 270 ਵੋਟਾਂ ਦੀ ਲੋੜ ਹੈ। 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਬਾਇਡਨ ਦੀ ਟੀਮ ਹੁਣ ਅਮਰੀਕਾ ਨੂੰ ਸਿਹਤ ਤੇ ਆਰਥਿਕ ਸੰਕਟ ਵਿਚੋਂ ਕੱਢਣ ਲਈ ਯੋਜਨਾਬੰਦੀ ਕਰਨ ਵਿਚ ਜੁੱਟ ਗਈ ਹੈ।
ਸਾਬਕਾ ਰਿਪਬਲਿਕਨ ਰਾਸ਼ਟਰਪਤੀ ਜੌਰਜ ਡਬਲਿਊ ਬੁਸ਼ ਨੇ ਕਿਹਾ ਹੈ ਕਿ ਅਮਰੀਕੀ ਲੋਕ ਇਹ ਭਰੋਸਾ ਕਰ ਸਕਦੇ ਹਨ ਕਿ ਰਾਸ਼ਟਰਪਤੀ ਚੋਣਾਂ ‘ਮੂਲ ਰੂਪ ਵਿਚ ਨਿਰਪੱਖ ਹਨ, ਇਨ੍ਹਾਂ ਦੀ ਭਰੋਸੇਯੋਗਤਾ ਉਤੇ ਕੋਈ ਸਵਾਲ ਨਹੀਂ ਹੈ ਤੇ ਨਤੀਜੇ ਸਪੱਸ਼ਟ ਹਨ।’ ਬੁਸ਼ ਨੇ ਡੈਮੋਕਰੈਟ ਜੋਅ ਬਾਇਡਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁੜ ਗਿਣਤੀ ਦੀ ਬੇਨਤੀ ਕਰਨ ਤੇ ਕਾਨੂੰਨੀ ਰਾਹ ਅਖ਼ਤਿਆਰ ਕਰਨ ਦਾ ਪੂਰਾ ਹੱਕ ਹੈ। ਜੌਰਜ ਬੁਸ਼ ਨੇ ਕਿਹਾ ਕਿ ਉਨ੍ਹਾਂ ਜੋਅ ਬਾਇਡਨ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ ਹੈ।


Share