ਜੋਅ ਬਾਇਡਨ ਨੇ ਜੌਹਨ ਕੈਰੀ ਨੂੰ ਕੌਮੀ ਸੁਰੱਖਿਆ ਲਈ ਜਲਵਾਯੂ ਦੂਤ ਲਾਇਆ

202
Share

ਵਾਸ਼ਿੰਗਟਨ, 25 ਨਵੰਬਰ (ਪੰਜਾਬ ਮੇਲ)- ਪੈਰਿਸ ਜਲਵਾਯੂ ਸਮਝੌਤੇ ਨੂੰ ਪ੍ਰਮੁੱਖ ਤੌਰ ‘ਤੇ ਤਿਆਰ ਕਰਨ ਵਾਲਿਆਂ ਵਿਚੋਂ ਇਕ ਜੌਹਨ ਕੈਰੀ ਨੂੰ ਇਕ ਵਾਰ ਫਿਰ ਤੋਂ ਜਲਵਾਯੂ ਤਬਦੀਲੀ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਦਾ ਮੌਕਾ ਮਿਲ ਰਿਹਾ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਲੰਬੇ ਸਮੇਂ ਤੋਂ ਸੈਨੇਟਰ ਅਤੇ ਵਿਦੇਸ਼ ਮੰਤਰਾਲੇ ਦੇ ਸਾਬਕਾ ਸਕੱਤਰ ਜੌਹਨ ਕੈਰੀ ਨੂੰ ਕੌਮੀ ਸੁਰੱਖਿਆ ਲਈ ਜਲਵਾਯੂ ਦੂਤ ਲਗਾਇਆ ਹੈ।
ਬਾਇਡਨ ਦੀ ਤਬਦੀਲੀ ਟੀਮ ਨੇ ਹਾਲਾਂਕਿ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਐਨੀ ਗੱਲ ਜ਼ਰੂਰ ਆਖੀ ਹੈ ਕਿ ਕੈਰੀ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਕੈਰੀ ਜਲਵਾਯੂ ਤਬਦੀਲੀ ‘ਤੇ ਖ਼ਾਸ ਤੌਰ ‘ਤੇ ਧਿਆਨ ਕੇਂਦਰਿਤ ਕਰਨ ਵਾਲੀ ਕੌਮੀ ਸੁਰੱਖਿਆ ਕੌਂਸਲ ਦੇ ਪਹਿਲੇ ਮੈਂਬਰ ਹੋਣਗੇ। ਇਸ ਨੂੰ ਚੋਣ ਮੁਹਿੰਮ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਇਡਨ ਨੇ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਜੈਵਿਕ ਈਂਧਣ ਨਿਕਾਸੀ ਨਾਲ ਹੋਣ ਵਾਲੇ ਜਲਵਾਯੂ ਦੇ ਨੁਕਸਾਨ ਨੂੰ ਰੋਕਣਗੇ ਅਤੇ ਇਹ ਇਕ ਸੰਕੇਤ ਹੈ ਕਿ ਅਗਲੀ ਸਰਕਾਰ ਕਿੰਨੀ ਗੰਭੀਰਤਾ ਨਾਲ ਇਸ ਚਿਤਾਵਨੀ ਨੂੰ ਲੈ ਰਹੀ ਹੈ ਕਿ ਗਲੋਬਲ ਵਾਰਮਿੰਗ ਨਾਲ ਹੋਣ ਵਾਲੀਆਂ ਕੁਦਰਤੀ ਕਰੋਪੀਆਂ ਨਾਲ ਅਮਰੀਕੀ ਸੁਰੱਖਿਆ ਪ੍ਰਣਾਲੀ ਨੂੰ ਢਾਹ ਲੱਗੇਗੀ ਅਤੇ ਦੁਨੀਆ ਭਰ ਵਿੱਚ ਅਪਵਾਦ ਵਧੇਗਾ। ਕੈਰੀ ਨੇ ਟਵੀਟ ਕੀਤਾ, ”ਅਮਰੀਕਾ ਨੂੰ ਜਲਦੀ ਹੀ ਇਕ ਅਜਿਹੀ ਸਰਕਾਰ ਮਿਲੇਗੀ ਜੋ ਜਲਵਾਯੂ ਸੰਕਟ ਨੂੰ ਇਕ ਕੌਮੀ ਸੁਰੱਖਿਆ ਖ਼ਤਰੇ ਵਜੋਂ ਦੇਖੇਗੀ।”


Share