ਜੋਅ ਬਾਇਡਨ ਨੇ ਜਨਤਕ ਤੌਰ ’ਤੇ ਲਗਵਾਇਆ ਫਾਈਜ਼ਰ ਦਾ ਕੋਰੋਨਾਵਾਇਰਸ ਟੀਕਾ

55
Share

ਫਰਿਜ਼ਨੋ, 23 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸੰਯੁਕਤ ਰਾਸ਼ਟਰ ’ਚ ਕੋਰੋਨਾ ਨੂੰ ਮਾਤ ਦੇਣ ਲਈ ਸ਼ੁਰੂ ਹੋਈ ਟੀਕਾਕਰਨ ਪ੍ਰਕਿਰਿਆ ’ਚ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਨੇ ਵੀ ਟੀਕਾ ਲਗਵਾ ਕੇ ਆਪਣਾ ਨਾਮ ਟੀਕਾਕਰਨ ਸੂਚੀ ’ਚ ਦਰਜ਼ ਕਰਵਾਇਆ ਹੈ। ਜੋਅ ਬਾਇਡਨ ਨੂੰ ਸੋਮਵਾਰ ਦੇ ਦਿਨ ਫਾਈਜ਼ਰ ਦੇ ਕੋਰੋਨਾਵਾਇਰਸ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ, ਜਿਸਦਾ ਸਿੱਧਾ ਪ੍ਰਸਾਰਣ ਅਮਰੀਕੀ ਜਨਤਾ ਨੂੰ ਟੀਕੇ ਦੀ ਸੁਰੱਖਿਆ ਬਾਰੇ ਭਰੋਸਾ ਦਿਵਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ। ਬਾਇਡਨ ਨੂੰ ਡੇਲਾਵੇਅਰ ਦੇ ਨੇਵਾਰਕ ’ਚ ਕ੍ਰਿਸਟੀਆਨਾ ਕੇਅਰ ਹਸਪਤਾਲ ਵਿਖੇ ਇਹ ਟੀਕਾ ਲਗਾਇਆ ਗਿਆ। ਇਸ ਮੌਕੇ ਬਾਇਡਨ ਨੇ ਟੀਕਾ ਲਗਾਉਣ ਵਾਲੀ ਨਰਸ ਤਾਬੇ ਮੈਸੇ ਦਾ ਧੰਨਵਾਦ ਕਰਦਿਆਂ ਦੇਸ਼ ਵਾਸੀਆਂ ਨੂੰ ਟੀਕੇ ਸੰਬੰਧੀ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ ਦੀ ਗੱਲ ਕੀਤੀ। ਇਸਦੇ ਇਲਾਵਾ ਬਾਇਡਨ ਨੇ ਟਰੰਪ ਪ੍ਰਸ਼ਾਸਨ ਨੂੰ ਆਪ੍ਰੇਸ਼ਨ ਰੈਪ ਸਪੀਡ ਦੇ ਜ਼ਰੀਏ ਕੋਰੋਨਾਵਾਇਰਸ ਟੀਕਿਆਂ ਦੇ ਵਿਕਾਸ ਅਤੇ ਵੰਡ ਵਿਚ ਤੇਜ਼ੀ ਲਿਆਉਣ ਦੀ ਕੋਸ਼ਿਸ਼ਾਂ ਨੂੰ ਵੀ ਸਲਾਹਿਆ ਹੈ। ਹਾਲਾਂਕਿ, ਬਾਇਡਨ ਨੇ ਟੀਕਾਕਰਨ ਦੇ ਬਾਵਜੂਦ ਅਮਰੀਕੀਆਂ ਨੂੰ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਘਟਾਉਣ ਲਈ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਅਮਰੀਕਾ ਦੇ ਪਬਲਿਕ ਅਧਿਕਾਰੀਆਂ ਵੱਲੋਂ ਟੀਕਾ ਲਗਵਾਉਣ ਦੀ ਸੂਚੀ ਵਿਚ ਉਪ ਰਾਸ਼ਟਰਪਤੀ ਮਾਈਕ ਪੈਂਸ, ਕੈਰਨ ਪੈਂਸ ਅਤੇ ਯੂ.ਐੱਸ. ਸਰਜਨ ਜਨਰਲ ਡਾ. ਜੇਰੋਮ ਐਡਮਜ਼ ਤੋਂ ਬਾਅਦ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੋਨਲ ਅਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੂੰ ਵੀ ਪਿਛਲੇ ਹਫਤੇ ਟੀਕਾ ਲਗਾਇਆ ਗਿਆ ਸੀ, ਜਦਕਿ ਰਾਸ਼ਟਰਪਤੀ ਟਰੰਪ ਅਜੇ ਤੱਕ ਇਸ ਸੂਚੀ ਵਿਚੋਂ ਬਾਹਰ ਹਨ।


Share