ਜੋਅ ਬਾਇਡਨ ਨੇ ਚੋਣ ਨਤੀਜੇ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਟਰੰਪ ਨੂੰ ਘੇਰਿਆ!

45
Share

ਵਾਸ਼ਿੰਗਟਨ, 6 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਚੋਣ ਨਤੀਜੇ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਡੋਨਲਡ ਟਰੰਪ ਨੂੰ ਘੇਰਦਿਆਂ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਆਪਣਾ ‘ਕੰਮ’ ਕਰਨ ਦੀ ਬਜਾਏ ਜ਼ਿਆਦਾਤਰ ਸਮਾਂ ‘ਸ਼ਿਕਾਇਤਾਂ’ ਕਰਨ ’ਚ ਲਗਾ ਰਹੇ ਹਨ। ਟਰੰਪ ਨੇ ਅਜੇ ਤੱਕ ਰਾਸ਼ਟਰਪਤੀ ਚੋਣਾਂ ’ਚ ਹਾਰ ਨਹੀਂ ਮੰਨੀ ਹੈ ਅਤੇ ਚੋਣ ਨਤੀਜਿਆਂ ਖ਼ਿਲਾਫ਼ ਕਈ ਮੁਕੱਦਮੇ ਕੀਤੇ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਚੋਣਾਂ ’ਚ ਵੱਡੇ ਪੱਧਰ ’ਤੇ ਧੋਖਾਧੜੀ ਹੋਈ ਹੈ। ਉਂਜ ਚੋਣ ਅਧਿਕਾਰੀ ਅਤੇ ਮੀਡੀਆ ਉਨ੍ਹਾਂ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸ ਰਹੇ ਹਨ।
ਬਾਇਡਨ ਨੇ ਸੋਮਵਾਰ ਨੂੰ ਜਾਰਜੀਆ ’ਚ ਚੋਣ ਰੈਲੀ ਦੌਰਾਨ ਕਿਹਾ ਕਿ ਰਾਸ਼ਟਰਪਤੀ ਸਮੱਸਿਆਵਾਂ ਸੁਲਝਾਉਣ ਦੀ ਬਜਾਏ ਸ਼ਿਕਾਇਤਾਂ ਕਰਨ ’ਚ ਸਮਾਂ ਲਗਾ ਰਹੇ ਹਨ। ‘ਮੈਨੂੰ ਸਮਝ ਨਹੀਂ ਪੈਂਦਾ ਕਿ ਉਹ ਹੁਣ ਵੀ ਅਹੁਦੇ ’ਤੇ ਕਿਉਂ ਰਹਿਣਾ ਚਾਹੁੰਦੇ ਹਨ, ਜਦਕਿ ਉਨ੍ਹਾਂ ਨੇ ਕੰਮ ਹੀ ਨਹੀਂ ਕਰਨਾ ਹੈ।’ ਬਾਇਡਨ ਜਾਰਜੀਆ ’ਚ ਦੋ ਡੈਮੋਕਰੈਟਿਕ ਉਮੀਦਵਾਰਾਂ ਦੀ ਹਮਾਇਤ ’ਚ ਰੈਲੀਆਂ ਕਰ ਰਹੇ ਹਨ। ਇਨ੍ਹਾਂ ਚੋਣਾਂ ਮਗਰੋਂ ਤੈਅ ਹੋਵੇਗਾ ਕਿ ਸੈਨੇਟ ’ਤੇ ਕਿਹੜੀ ਪਾਰਟੀ ਦਾ ਕਬਜ਼ਾ ਹੋਵੇਗਾ।

Share