ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਲਈ ਨਿਊਯਾਰਕ ਪੁਲਿਸ ਵਿਭਾਗ ਭੇਜੇਗਾ 200 ਅਧਿਕਾਰੀ

61
Share

ਫਰਿਜ਼ਨੋ, 13 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ 20 ਜਨਵਰੀ ਨੂੰ ਹੋ ਰਹੇ ਸਹੁੰ ਚੁੱਕ ਸਮਾਗਮ ਲਈ ਰਾਜਧਾਨੀ ਦੇ ਸੁਰੱਖਿਆ ਬਲਾਂ ’ਚ ਸ਼ਾਮਲ ਹੋਣ ਲਈ ਨਿਊਯਾਰਕ ਪੁਲਿਸ ਵਿਭਾਗ ਘੱਟੋ-ਘੱਟ 200 ਅਧਿਕਾਰੀਆਂ ਨੂੰ ਭੇਜ ਰਿਹਾ ਹੈ।
ਵਾਸ਼ਿੰਗਟਨ ਪੁਲਿਸ ਅਧਿਕਾਰੀਆਂ ਅਨੁਸਾਰ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਬੇਨਤੀ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਇਹ ਦਸਤਾ ਜੋਅ ਬਾਇਡਨ ਦੇ ਰਸਤੇ ਨੂੰ ਸੁਰੱਖਿਅਤ ਕਰਨ ’ਚ ਸਹਾਇਤਾ ਕਰੇਗਾ। ਟਰੰਪ ਦੇ ਹਮਾਇਤੀਆਂ ਵੱਲੋਂ ਰਾਜਧਾਨੀ ’ਚ ਹਿੰਸਕ ਹਮਲੇ ਕੀਤੇ ਜਾਣ ਤੋਂ ਬਾਅਦ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਰੋਹ ਲਈ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਦਾ ਖਦਸ਼ਾ ਹੈ।
ਇਸ ਲਈ ਸੁਰੱਖਿਆ ਕਾਰਨਾਂ ਕਰਕੇ ਐਸੋਸੀਏਟਡ ਪ੍ਰੈੱਸ ਅਨੁਸਾਰ ਦੇਸ਼ ਦੇ ਛੇ ਸੂਬਿਆਂ ਵਰਜੀਨੀਆ, ਪੈਨਸਿਲਵੇਨੀਆ, ਨਿਊਯਾਰਕ, ਨਿਊਜਰਸੀ, ਡੇਲਾਵੇਅਰ ਅਤੇ ਮੈਰੀਲੈਂਡ ਵਿਚੋਂ ਨੈਸ਼ਨਲ ਗਾਰਡਾਂ ਦੇ ਲਗਭਗ 6,200 ਮੈਂਬਰ ਅਗਲੇ ਕੁੱਝ ਦਿਨਾਂ ਲਈ ਵਾਸ਼ਿੰਗਟਨ ਵਿਚ ਕੈਪੀਟਲ ਪੁਲਸ ਅਤੇ ਹੋਰ ਕਾਨੂੰਨੀ ਪ੍ਰਣਾਲੀਆਂ ਦੀ ਸਹਾਇਤਾ ਕਰਨਗੇ।
ਰਾਜਧਾਨੀ ਵਿਚ ਸੁਰੱਖਿਆ ਲਈ ਲਗਭਗ ਦੋ ਹਫ਼ਤੇ ਪਹਿਲਾਂ, ਐੱਨ. ਵਾਈ. ਪੀ. ਡੀ ਦੀ ਹਰ ਕਮਾਂਡ ਵਿਚੋਂ 17 ਤੋਂ 21 ਜਨਵਰੀ ਤੱਕ ਵਾਸ਼ਿੰਗਟਨ ਵਿਚ ਰਾਸ਼ਟਰਪਤੀ ਉਦਘਾਟਨੀ ਟਾਸਕ ਫੋਰਸ ਵਿਚ ਸ਼ਾਮਲ ਹੋਣ ਲਈ ਤਿੰਨ ਅਧਿਕਾਰੀਆਂ ਨੂੰ ਭੇਜਣ ਲਈ ਕਿਹਾ ਗਿਆ ਸੀ। ਸਾਲ 2021 ਦਾ ਇਹ ਮਹੱਤਵਪੂਰਨ ਸਮਾਗਮ ਕੋਵਿਡ-19 ਮਹਾਮਾਰੀ ਦੇ ਕਾਰਨ ਆਮ ਨਾਲੋਂ ਬਹੁਤ ਛੋਟੇ ਪੱਧਰ ’ਤੇ ਆਯੋਜਿਤ ਕੀਤਾ ਜਾਵੇਗਾ। ਇਸ ਸੰਬੰਧੀ ਬਾਈਡੇਨ ਨੇ ਵੀ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਡੀ.ਸੀ. ਦੀ ਯਾਤਰਾ ਤੋਂ ਗੁਰੇਜ਼ ਕਰਨ ਅਤੇ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਮੂਰੀਅਲ ਬਾਓਸਰ ਨੇ ਵੀ ਫੈਡਰਲ ਅਧਿਕਾਰੀਆਂ ਨੂੰ ਇਸ ਸਮਾਰੋਹ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਹੈ।

Share