ਜੋਅ ਬਾਇਡਨ ਦੀ ਜਿੱਤ: ਅਮਰੀਕਾ ‘ਚ ਨਵੇਂ ਯੁੱਗ ਦੀ ਸ਼ੁਰੂਆਤ

209
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਨੂੰ ਮਿਲੀ ਇਤਿਹਾਸਕ ਜਿੱਤ ਨੇ ਅਮਰੀਕਾ ਅੰਦਰ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਬਾਇਡਨ ਨੇ ਇਨ੍ਹਾਂ ਚੋਣਾਂ ਵਿਚ 7.5 ਕਰੋੜ ਅਮਰੀਕੀਆਂ ਦੀਆਂ ਵੋਟਾਂ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਅਮਰੀਕੀ ਇਤਿਹਾਸ ਵਿਚ ਇਹ ਵੀ ਇਕ ਨਵਾਂ ਪੱਖ ਉੱਭਰਿਆ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਉੱਪ ਰਾਸ਼ਟਰਪਤੀ ਇਕ ਏਸ਼ੀਅਨ ਅਤੇ ਮਹਿਲਾ ਨੂੰ ਬਣਨ ਦਾ ਮਾਣ ਮਿਲਿਆ ਹੈ। ਅਮਰੀਕਾ ਦੀ ਇਸ ਚੋਣ ਉੱਪਰ ਪੂਰੀ ਦੁਨੀਆਂ ਦੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ। ਅਮਰੀਕੀ ਲੋਕ ਟਰੰਪ ਦੀਆਂ ਆਪਹੁਦਰੀਆਂ ਅਤੇ ਨਸਲਵਾਦ ਪੱਖੀ ਨੀਤੀਆਂ ‘ਤੇ ਕਦਮਾਂ ਤੋਂ ਪ੍ਰੇਸ਼ਾਨ ਸਨ। ਜਦਕਿ ਦੁਨੀਆਂ ਦੇ ਵੱਖ-ਵੱਖ ਮੁਲਕ ਉਨ੍ਹਾਂ ਵੱਲੋਂ ਲਏ ਜਾਂਦੇ ਅਜੀਬ ਕਿਸਮ ਦੇ ਫੈਸਲਿਆਂ ਕਾਰਨ ਪ੍ਰੇਸ਼ਾਨ ਸਨ। ਟਰੰਪ ਆਪਣੇ ਚਾਰ ਸਾਲਾ ਕਾਰਜਕਾਲ ਦੌਰਾਨ ਕੋਈ ਨਵੀਆਂ ਪੈੜਾਂ ਛੱਡਣ ਦੀ ਬਜਾਏ, ਵਿਵਾਦਾਂ ਵਿਚ ਹੀ ਉਲਝੇ ਰਹੇ ਹਨ। ਸਭ ਤੋਂ ਵੱਧ ਉਹ ਇੰਮੀਗ੍ਰਾਂਟਸ ਬਾਰੇ ਸਖ਼ਤ ਤੋਂ ਸਖ਼ਤ ਫੈਸਲੇ ਲੈਂਦੇ ਰਹੇ ਅਤੇ ਉਨ੍ਹਾਂ ਵੱਲੋਂ ਲਏ ਜਾਂਦੇ ਇਹ ਫੈਸਲੇ ਬਹੁਤੀ ਵਾਰ ਅਦਾਲਤਾਂ ਤੇ ਕਾਂਗਰਸ (ਅਮਰੀਕੀ ਪਾਰਲੀਮੈਂਟ) ਵੱਲੋਂ ਰੱਦ ਕਰ ਦਿੱਤੇ ਜਾਂਦੇ ਰਹੇ ਹਨ। ਦੇਖਿਆ ਜਾਵੇ, ਤਾਂ ਪਿਛਲੀ ਚੋਣ ਵਿਚ ਡੋਨਾਲਡ ਟਰੰਪ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਸਿਹਤ ਅਤੇ ਵਿੱਤੀ ਖੇਤਰਾਂ ਵਿਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਅਤੇ ਉਦਾਰਵਾਦੀ ਨੀਤੀਆਂ ਖਿਲਾਫ ਬੜਬੋਲੇ ਢੰਗ ਨਾਲ ਪ੍ਰਚਾਰ ਕਰਕੇ ਅਮਰੀਕੀ ਗੋਰਿਆਂ ਦੀ ਬਹੁਗਿਣਤੀ ਦਾ ਮਨ ਮੋਹ ਗਏ ਸਨ। ਪਰ ਅਮਰੀਕੀ ਜਨੂੰਨ ਭੜਕਾਉਣ ਦੀ ਟਰੰਪ ਨੇ ਇਸ ਵਾਰ ਵੀ ਕੋਈ ਕਸਰ ਨਹੀਂ ਛੱਡੀ। ਪਰ ਇਸ ਵਾਰ ਉਹ ਲੋਕਾਂ ਦੇ ਵੱਡੇ ਹਿੱਸਿਆਂ ਦੀ ਹਮਾਇਤ ਪ੍ਰਾਪਤ ਨਹੀਂ ਕਰ ਸਕਿਆ। ਹਾਲਾਂਕਿ ਟਰੰਪ ਨੂੰ ਇਸ ਵਾਰ ਵੀ 47 ਫੀਸਦੀ ਵੋਟ ਮਿਲੇ ਹਨ ਅਤੇ ਗੋਰੇ ਅਮਰੀਕਨਾਂ ਦਾ ਵੱਡਾ ਹਿੱਸਾ ਸਮਝਦਾ ਹੈ ਕਿ ਉਸ ਨੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਮਰੀਕਾ ਵਾਸੀਆਂ ਦਾ ਵੱਡਾ ਹਿੱਸਾ ਉਸ ਦੀ ਹੂੜਮੱਤ, ਨਸਲਵਾਦੀ ਸੋਚ, ਲੋਕਾਂ ਨੂੰ ਵੰਡ ਕੇ ਰੱਖਣ ਵਾਲੀਆਂ ਨੀਤੀਆਂ, ਕੋਵਿਡ-19 ਦੀ ਮਹਾਂਮਾਰੀ ਵੇਲੇ ਦਿਖਾਇਆ ਲਾਪ੍ਰਵਾਹੀ ਵਾਲਾ ਵਤੀਰਾ, ਸਿਆਸੀ ਵਿਰੋਧੀਆਂ ਬਾਰੇ ਉਜੱਡ ਭਾਸ਼ਾ ਦਾ ਇਸਤੇਮਾਲ, ਸੁਹਿਰਦਤਾ ਦੀ ਘਾਟ ਅਤੇ ਪ੍ਰਵਾਸੀਆਂ ਦੇ ਅੰਨ੍ਹੇ ਵਿਰੋਧ ਤੋਂ ਤੰਗ ਆਇਆ ਨਜ਼ਰ ਆ ਰਿਹਾ ਹੈ। ਇੰਝ ਲੱਗਿਆ ਹੈ ਕਿ ਅਮਰੀਕਾ ਦੇ ਲੋਕਾਂ ਨੇ ਕਿਸੇ ਵੱਡੀ ਆਸ ਦੀ ਬਜਾਏ ਆਪਣੇ ਪਹਿਲੇ ਲੋਕਤੰਤਰ ਨੂੰ ਬਚਾਉਣ ਅਤੇ ਆਪਣੇ ਵੋਟ ਪਾਉਣ ਦੇ ਹੱਕ ਦੀ ਰਾਖੀ ਲਈ ਨਵੀਂ ਚੋਣ ਕੀਤੀ ਹੈ।
ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਹਮੇਸ਼ਾ ਲੋਕਤੰਤਰੀ ਭਾਵਨਾਵਾਂ ਦੀ ਤੌਹੀਨ ਹੁੰਦੀ ਰਹੀ ਹੈ। ਜਿੱਤਣ ਦੇ ਤੁਰੰਤ ਬਾਅਦ ਜੋਅ ਬਾਇਡਨ ਵੱਲੋਂ ਕੀਤੇ ਜੋਸ਼ੀਲੇ ਭਾਸ਼ਨ ਵਿਚ ਉਨ੍ਹਾਂ ਆਪਣੀ ਸਭ ਤੋਂ ਪਹਿਲੀ ਤਰਜੀਹ ਅਮਰੀਕੀਆਂ ਵਿਚ ਇਕਜੁੱਟਤਾ ਨੂੰ ਵਧਾਉਣ ਉੱਪਰ ਦਿੱਤੀ ਹੈ ਅਤੇ ਵੰਡੀਆਂ ਪਾਉਣ ਦੀ ਨੀਤੀ ਨੂੰ ਖਾਰਜ ਕੀਤਾ ਹੈ। ਉਨ੍ਹਾਂ ਨੇ ਬੜੇ ਹੀ ਭਾਵੁਕ ਲਹਿਜੇ ਵਿਚ ਕਿਹਾ ਕਿ ਉਹ ਹੁਣ ਮੈਨੂੰ ਵੋਟਾਂ ਪਾਉਣ ਵਾਲੇ ਲੋਕਾਂ ਦੇ ਹੀ ਰਾਸ਼ਟਰਪਤੀ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਵੀ ਰਾਸ਼ਟਰਪਤੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ। ਉਨ੍ਹਾਂ ਕਿਹਾ ਕਿ ਮੈਂ ਪੂਰੇ ਅਮਰੀਕੀ ਸਮਾਜ ਦੀ ਪ੍ਰਤੀਨਿੱਧਤਾ ਕਰਨੀ ਹੈ ਅਤੇ ਵੰਡੀਆਂ ਪਾਉਣ ਦੀ ਰਾਜਨੀਤੀ ਦਾ ਖਾਤਮਾ ਕਰਨਾ ਹੈ।
ਨਵੇਂ ਬਣਨ ਜਾ ਰਹੇ ਰਾਸ਼ਟਰਪਤੀ ਜੋਅ ਬਾਇਡਨ ਪੁਰਾਣੀ ਰਵਾਇਤ ਮੁਤਾਬਕ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਜੋਅ ਬਾਇਡਨ 1973 ਵਿਚ 29 ਸਾਲ ਦੀ ਉਮਰ ‘ਚ ਅਮਰੀਕਾ ਦੀ ਸੈਨੇਟ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਬਣਿਆ ਸੀ ਅਤੇ 6 ਵਾਰ ਸੈਨੇਟਰ ਚੁਣਿਆ ਗਿਆ। ਹੁਣ ਉਹ ਸਭ ਤੋਂ ਵਡੇਰੀ ਉਮਰ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਬਾਇਡਨ ਨੇ 1988 ਅਤੇ 2008 ‘ਚ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਨ ਦਾ ਯਤਨ ਕੀਤਾ ਸੀ। ਪਰ ਉਹ ਸਫਲ ਨਹੀਂ ਹੋ ਸਕਿਆ। ਬਾਇਡਨ 2008 ਤੋਂ 2016 ਤੱਕ ਬਰਾਕ ਓਬਾਮਾ ਨਾਲ ਅਮਰੀਕਾ ਦਾ ਉੱਪ ਰਾਸ਼ਟਰਪਤੀ ਰਿਹਾ ਹੈ। ਬਾਇਡਨ ਨੇ ਜ਼ਿੰਦਗੀ ਵਿਚ ਬੜੇ ਦੁੱਖ ਦੇਖੇ ਹਨ। ਦਸੰਬਰ 1972 ਵਿਚ ਇਕ ਹਾਦਸੇ ਦੌਰਾਨ ਉਸ ਦੀ ਪਤਨੀ ਤੇ ਧੀ ਦੀ ਮੌਤ ਹੋ ਗਈ ਸੀ ਅਤੇ ਦੋਵੇਂ ਪੁੱਤਰ ਜ਼ਖਮੀ ਹੋ ਗਏ। ਉਹ ਆਪਣੇ ਪੁੱਤਰਾਂ ਦੀ ਦੇਖਭਾਲ ਲਈ ਲਗਾਤਾਰ ਵਾਸ਼ਿੰਗਟਨ ਅਤੇ ਡੈਲਾਵੇਅਰ ਵਿਚਕਾਰ ਰੋਜ਼ਾਨਾ ਤਿੰਨ ਘੰਟੇ ਸਫਰ ਕਰਦਾ ਰਿਹਾ ਹੈ। ਬਾਅਦ ਵਿਚ 2015 ਵਿਚ ਉਸ ਦੇ 45 ਸਾਲਾ ਇਕ ਪੁੱਤਰ ਦੀ ਕੈਂਸਰ ਨਾਲ ਮੌਤ ਹੋ ਗਈ। 1977 ਵਿਚ ਉਸ ਨੇ ਦੂਜੀ ਸ਼ਾਦੀ ਕੀਤੀ ਸੀ।
ਬਾਇਡਨ ਨੇ ਚੋਣ ਜਿੱਤਣ ਤੋਂ ਬਾਅਦ ਜਾਰੀ ਕੀਤੀਆਂ ਆਪਣੀਆਂ ਤਰਜੀਹਾਂ ਵਿਚ ਸਭ ਤੋਂ ਪਹਿਲੀ ਤਰਜੀਹ ਕੋਵਿਡ-19 ਉੱਤੇ ਕਾਬੂ ਪਾਉਣ ਲਈ ਵਿਆਪਕ ਯੋਜਨਾਵਾਂ ਤਿਆਰ ਕਰਨ ਨੂੰ ਦਿੱਤੀ ਹੈ। ਡੋਨਾਲਡ ਟਰੰਪ ਦੇ ਕਾਰਜਕਾਲ ਦੀਆਂ ਨਾਕਾਮੀਆਂ ਵਿਚ ਸਭ ਤੋਂ ਵੱਡੀ ਨਾਕਾਮੀ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਮਾਮਲੇ ਵਿਚ ਰਹੀ ਹੈ। ਟਰੰਪ ਕੋਰੋਨਾਵਾਇਰਸ ਤੋਂ ਬਚਾਅ ਲਈ ਸੁਰੱਖਿਆ ਉਪਾਅ ਕਰਨ ‘ਚ ਪੂਰੀ ਤਰ੍ਹਾਂ ਅਵੇਸਲੇ ਰਹੇ ਅਤੇ ਅਮਰੀਕੀਆਂ ਨੂੰ ਵੱਡੇ ਖਤਰੇ ਦੇ ਮੂੰਹ ਵਿਚ ਪਾ ਦਿੱਤਾ। ਚੋਣਾਂ ਦੌਰਾਨ ਵੀ ਇਹ ਮਸਲਾ ਉੱਭਰਿਆ ਰਿਹਾ ਹੈ। ਬਾਇਡਨ ਨੇ ਦੂਜੀ ਤਰਜੀਹ ਬੇਰੁਜ਼ਗਾਰੀ ਦੇ ਖਾਤਮੇ ਨੂੰ ਦਿੱਤੀ ਹੈ। ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਵੀ ਕਰੋੜਾਂ ਲੋਕਾਂ ਦਾ ਬੇਰੁਜ਼ਗਾਰ ਹੋਣਾ ਵੱਡੀ ਹੈਰਾਨੀ ਵਾਲੀ ਗੱਲ ਹੈ। ਬਾਇਡਨ ਵੱਲੋਂ ਬੇਰੁਜ਼ਗਾਰੀ ਦੂਰ ਕਰਨ ਦੇ ਕੀਤੇ ਖਾਤਮੇ ਦਾ ਵੱਡਾ ਮਹੱਤਵ ਵੀ ਹੈ। ਟਰੰਪ ਬੇਰੁਜ਼ਗਾਰੀ ਦੂਰ ਕਰਨ ਦੇ ਖੇਤਰ ਵਿਚ ਕੋਈ ਅਹਿਮ ਭੂਮਿਕਾ ਨਹੀਂ ਨਿਭਾਅ ਸਕੇ। ਟਰੰਪ ਦਾ ਸਾਰਾ ਜ਼ੋਰ ਇੰਮੀਗ੍ਰਾਂਟਸ ਬਾਰੇ ਬਿਆਨਬਾਜ਼ੀ ਕਰਨ ਉਪਰ ਹੀ ਲੱਗਾ ਰਿਹਾ।
ਟਰੰਪ ਦੇ ਪ੍ਰਸ਼ਾਸਨ ਵਿਚ ਅਫਰੀਕੀ ਸਿਆਹਫਾਮ ਨਾਗਰਿਕਾਂ ਨਾਲ ਨਸਲੀ ਭਾਵਨਾਵਾਂ ਵਾਰ-ਵਾਰ ਪ੍ਰਗਟ ਹੁੰਦੀਆਂ ਰਹੀਆਂ ਹਨ। ਮਿਨੀਐਪੋਲਿਸ ‘ਚ ਹੋਈਆਂ ਹਿੰਸਕ ਕਾਰਵਾਈਆਂ ਨੇ ਪੂਰੇ ਅਮਰੀਕਾ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਅਮਰੀਕਾ ਵਿਚ ਦੁਨੀਆਂ ਭਰ ਦੇ ਸਭ ਤੋਂ ਜ਼ਿਆਦਾ ਅਫਰੀਕੀ ਮੂਲ ਦੇ ਸਿਆਹਫਾਮ ਨਾਗਰਿਕ ਵਸਦੇ ਹਨ। ਅਮਰੀਕਾ ਵਿਚ ਨਸਲੀ ਭਾਵਨਾਵਾਂ ਅਤੇ ਦੰਗਿਆਂ ਦਾ ਇਤਿਹਾਸ ਬੜਾ ਪੁਰਾਣਾ ਹੈ। ਪਰ ਬਰਾਕ ਓਬਾਮਾ ਦੇ ਜ਼ਮਾਨੇ ਵਿਚ ਨਸਲਪ੍ਰਸਤੀ ਦੀਆਂ ਸਭ ਤੋਂ ਘੱਟ ਵਾਰਦਾਤਾਂ ਹੋਈਆਂ। ਹੁਣ ਬਾਇਡਨ ਨੇ ਦੇਸ਼ ਨੂੰ ਇਕਜੁੱਟ ਕਰਨ ਉਪਰ ਜ਼ੋਰ ਦਿੱਤਾ ਹੈ ਅਤੇ ਸਭਨਾਂ ਵਰਗਾਂ ਦੇ ਲੋਕਾਂ ਨੂੰ ਇਕਸਾਰ ਤਰੀਕੇ ਲੈਣ ਦਾ ਭਰੋਸਾ ਜਤਾਇਆ ਹੈ। ਬਾਇਡਨ ਅਤੇ ਉਸ ਨਾਲ ਚੁਣੀ ਗਈ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਕਿਉਂਕਿ ਚੋਣ ਦੌਰਾਨ ਵੀ ਨਸਲਪ੍ਰਸਤੀ ਅਤੇ ਨਸਲੀ ਹਿੰਸਾ ਖਿਲਾਫ ਡੱਟਦੇ ਆਏ ਹਨ, ਇਸ ਕਰਕੇ ਉਨ੍ਹਾਂ ਦੀ ਅਗਵਾਈ ਵਿਚ ਨਸਲੀ ਵਿਤਕਰਾ ਘੱਟ ਹੋਣ ਦੀ ਸੰਭਾਵਨਾ ਬਣ ਰਹੀ ਹੈ। ਬਾਇਡਨ, ਬਰਾਕ ਓਬਾਮਾ ਨਾਲ 8 ਸਾਲ ਉੱਪ ਰਾਸ਼ਟਰਪਤੀ ਰਹੇ ਹਨ। ਇਸ ਕਰਕੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਸਲਪ੍ਰਸਤੀ ਦਾ ਗ੍ਰਾਫ ਬੇਹੱਦ ਹੇਠਾਂ ਰਹਿਣ ਤੋਂ ਵੀ ਇਹੀ ਸੰਕੇਤ ਮਿਲਦੇ ਹਨ ਕਿ ਉਹ ਅਮਰੀਕੀਆਂ ਨੂੰ ਇਕਜੁੱਟ ਕਰਨ ਵਿਚ ਅਹਿਮ ਰੋਲ ਅਦਾ ਕਰਨਗੇ।
ਬਾਇਡਨ ਨੇ ਆਪਣੀ ਤਰਜੀਹ ਵਿਚ ਆਰਥਿਕ ਮਜ਼ਬੂਤੀ ਨੂੰ ਵੀ ਸ਼ਾਮਲ ਕੀਤਾ ਹੈ। ਟਰੰਪ ਨੇ ਚੀਨ ਦੀ ਕੌਮਾਂਤਰੀ ਘੇਰਾਬੰਦੀ ਕਰਨ ਲਈ ਵੱਡਾ ਯਤਨ ਕੀਤਾ। ਖਾਸਕਰ ਕੋਰੋਨਾਵਾਇਰਸ ਦੇ ਜ਼ਮਾਨੇ ਵਿਚ ਉਨ੍ਹਾਂ ਭਾਰਤ ਅਤੇ ਜਾਪਾਨ ਨਾਲ ਨੇੜਤਾ ਵਧਾ ਕੇ ਅਤੇ ਯੂਰਪੀਅਨ ਮੁਲਕਾਂ ਨੂੰ ਨਾਲ ਰਲਾ ਕੇ ਚੀਨ ਦੀ ਘੇਰਾਬੰਦੀ ਦੀ ਰਣਨੀਤੀ ਅਖਤਿਆਰ ਕੀਤੀ। ਅਮਰੀਕਾ ਦੇ ਅੰਦਰ ਵੀ ਚੀਨੀ ਕੰਪਨੀਆਂ ਨੂੰ ਵੱਡੀ ਸੱਟ ਮਾਰਨ ਦਾ ਯਤਨ ਕੀਤਾ। ਪਰ ਟਰੰਪ ਦੀ ਇਸ ਨੀਤੀ ਦਾ ਅਮਰੀਕਾ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ, ਉਲਟਾ ਸਗੋਂ ਚੀਨ ਦਾ ਵਿਰੋਧ ਕਰਦਾ ਹੋਇਆ ਟਰੰਪ ਖੁਦ ਹੀ ਡਬਲਯੂ.ਐੱਚ.ਓ. ਤੋਂ ਬਾਹਰ ਹੋ ਬੈਠਾ। ਡਬਲਯੂ.ਐੱਚ.ਓ. ਹੁਣ ਤੱਕ ਵਧੇਰੇ ਕਰਕੇ ਅਮਰੀਕੀ ਪ੍ਰਭਾਵ ਹੇਠ ਰਹਿੰਦੀ ਰਹੀ ਹੈ। ਪਰ ਟਰੰਪ ਦੀਆਂ ਹੂੜਮੱਤੀਆਂ ਕਾਰਨ ਇਹ ਵੱਕਾਰੀ ਸੰਸਥਾ ਅਮਰੀਕਾ ਦੇ ਪ੍ਰਭਾਵ ਹੇਠੋਂ ਨਿਕਲ ਗਈ ਹੈ। ਅਜਿਹੀ ਹਾਲਤ ਵਿਚ ਜੋਅ ਬਾਇਡਨ ਦਾ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਬੜਾ ਅਹਿਮ ਹੈ। ਇਸ ਨਾਲ ਅੰਤਰਰਾਸ਼ਟਰੀ ਸੰਬੰਧਾਂ ਅਤੇ ਅਮਰੀਕਾ ਦੀਆਂ ਅੰਦਰੂਨੀ ਨੀਤੀਆਂ ਵਿਚ ਕੁੜੱਤਣ ਘਟੇਗੀ। ਘ੍ਰਿਣਾ ਅਤੇ ਹੂੜਮੱਤ ਦੇ ਰੁਝਾਨਾਂ ਨੂੰ ਠੱਲ੍ਹ ਪਵੇਗੀ। ਇਹ ਜਿੱਤ ਤਾਨਾਸ਼ਾਹੀ ਰੁਚੀਆਂ ਵਾਲੇ ਹਾਕਮਾਂ ਲਈ ਚਿਤਾਵਨੀ ਵੀ ਹੈ।


Share