ਫਰਿਜ਼ਨੋ, 5 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ਾਂ ਵਿਚੋਂ ਸਭ ਤੋਂ ਮੋਹਰੀ ਦੇਸ਼ ਅਮਰੀਕਾ ਇਸ ਸਮੇਂ ਕੋਰੋਨਾਵਾਇਰਸ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ। ਇਸ ਬਿਮਾਰੀ ਕਰਕੇ ਜਿੱਥੇ ਦੇਸ਼ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਉੱਥੇ ਲੱਖਾਂ ਹੀ ਲੋਕਾਂ ਨੇ ਜਾਨ ਵੀ ਗਵਾਈ ਹੈ। ਸਿਹਤ ਮਾਹਿਰਾਂ ਅਨੁਸਾਰ ਕੋਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਵਿਚ ਚਿਹਰੇ ਨੂੰ ਮਾਸਕ ਨਾਲ ਢਕਣਾ ਜ਼ਰੂਰੀ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਵੀ ਮਾਸਕ ਦੀ ਮਹੱਤਤਾ ਤੋਂ ਜਾਣੂੰ ਹਨ। ਇਸ ਲਈ ਜੋਅ ਬਾਇਡਨ ਦਾ ਕਹਿਣਾ ਹੈ ਕਿ ਉਹ ਜਨਵਰੀ ਵਿਚ ਅਹੁੱਦਾ ਸੰਭਾਲਣ ਤੋਂ ਬਾਅਦ 100 ਦਿਨਾਂ ਤੱਕ ਅਮਰੀਕੀਆਂ ਨੂੰ ਆਪਣੇ ਚਿਹਰੇ ‘ਤੇ ਮਾਸਕ ਪਹਿਨਣ ਲਈ ਕਹਿਣਗੇ। ਬਾਇਡਨ ਨੇ ਵੀਰਵਾਰ ਨੂੰ ਇੱਕ ਇੰਟਰਵਿਊ ਦੌਰਾਨ ਇਹ ਉਮੀਦ ਪ੍ਰਗਟ ਕੀਤੀ ਕਿ ਮਾਸਕ ਸੰਬੰਧੀ ਇਹ ਕਾਰਵਾਈ ਸੰਯੁਕਤ ਰਾਜ ਵਿਚ ਕੋਵਿਡ-19 ਦੇ ਫੈਲਣ ਨੂੰ ਘਟਾਉਣ ਵਿਚ ਸਹਾਇਤਾ ਕਰੇਗੀ। ਇਸ ਤੋਂ ਪਹਿਲਾਂ ਵੀ ਬਾਇਡਨ ਨੇ ਮਾਸਕ ਪਹਿਨਣ ਨੂੰ ਦੇਸ਼ ਭਗਤੀ ਲਈ ਇੱਕ ਫਰਜ਼ ਦੱਸਦਿਆਂ, ਰਾਜਨੀਤੀ ਨੂੰ ਇਸ ਤੋਂ ਦੂਰ ਰੱਖਣ ਦੀ ਗੱਲ ਕੀਤੀ ਸੀ। ਇਸ ਸੰਬੰਧੀ ਬਾਇਡਨ ਨੇ ਸਵੀਕਾਰ ਕੀਤਾ ਕਿ ਉਸ ਕੋਲ ਦੇਸ਼ ਪੱਧਰ ‘ਤੇ ਮਾਸਕ ਪਾਉਣ ਨੂੰ ਲਾਗੂ ਕਰਨ ਦੀ ਪੂਰੀ ਤਾਕਤ ਨਹੀਂ ਹੈ, ਅਤੇ ਇਸ ਤਰ੍ਹਾਂ ਦੇ ਨਿਯਮ ਲਾਗੂ ਕਰਨ ਵਿਚ ਉਸਨੂੰ ਰਾਜ ਅਤੇ ਸਥਾਨਕ ਅਧਿਕਾਰੀਆਂ ਦੀ ਮਦਦ ਦੀ ਜ਼ਰੂਰਤ ਹੋਵੇਗੀ ਅਤੇ ਦੇਸ਼ ਵਾਸੀਆਂ ਨੂੰ ਵੀ ਇਸ ਸਥਿਤੀ ਵਿਚ ਸਰਕਾਰ ਦਾ ਸਾਥ ਦੇਣ ਦੀ ਜ਼ਰੂਰਤ ਹੈ। ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਸੰਸਥਾ ਨੇ ਵੀ ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਚਿਹਰੇ ਦੇ ਮਾਸਕ ਨੂੰ ਪਹਿਨਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਸ ਨਾਲ ਵਾਇਰਸ ਦੀ ਲਾਗ ਨੂੰ ਘੱਟ ਕੀਤਾ ਜਾ ਸਕਦਾ ਹੈ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ‘ਚ ਵੀਰਵਾਰ ਤੱਕ 276,100 ਤੋਂ ਵੱਧ ਕੋਰੋਨਵਾਇਰਸ ਮੌਤਾਂ ਦਰਜ ਕੀਤੀਆਂ ਗਈਆਂ ਹਨ।