ਜੈੱਟ ਏਅਰਵੇਜ਼ ਦਾ ਮੀਤ ਪ੍ਰਧਾਨ ਗ੍ਰਿਫ਼ਤਾਰ

2.5 ਏਕੜ ਜ਼ਮੀਨ ਕਥਿਤ ਤੌਰ ’ਤੇ ਹੜੱਪਣ ਅਤੇ ਉਸ ਨੂੰ ਅੱਗੇ ਵੇਚਣ ਦੇ ਦੋਸ਼
ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਜੈੱਟ ਏਅਰਵੇਜ਼ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਯੂ.ਪੀ. ਦੇ ਸਾਹਿਬਾਬਾਦ ਵਿੱਚ ਨਗਰ ਨਿਗਮ ਦੀ ਦੱਸੀ ਜਾ ਰਹੀ 2.5 ਏਕੜ ਜ਼ਮੀਨ ਕਥਿਤ ਤੌਰ ’ਤੇ ਹੜੱਪਣ ਅਤੇ ਉਸ ਨੂੰ ਅੱਗੇ ਵੇਚਣ ਦੇ ਦੋਸ਼ ਹੇਠ ਦਿੱਲੀ ਦੇ ਪੰਚਸ਼ੀਲ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਗਾਜ਼ੀਆਬਾਦ ਦੇ ਐੱਸ.ਪੀ. (ਸ਼ਹਿਰ) ਆਕਾਸ਼ ਤੋਮਰ ਨੇ ਦੱਸਿਆ ਕਿ ਕਰਨਲ ਅਵਨੀਤ ਸਿੰਘ ਬੇਦੀ ਨੂੰ ਪੰਚਸ਼ੀਲ ਪਾਰਕ ਤੋਂ ਬੀਤੀ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਮੁਤਾਬਕ ਅਵਨੀਤ ਸਿੰਘ ਬੇਦੀ ਮੁੰਬਈ ਵਿੱਚ ਜੈੱਟ ਏਅਰਵੇਜ਼ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਵਜੋਂ ਤਾਇਨਾਤ ਹੈ ਤੇ ਉਸ ਖ਼ਿਲਾਫ਼ ਸ਼ਿਕਾਇਤ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਰੁਣ ਕੁਮਾਰ ਗੁਪਤਾ ਵੱਲੋਂ ਦਿੱਤੀ ਗਈ ਸੀ। ਸ਼ਿਕਾਇਤ ਮੁਤਾਬਕ ਉਨ੍ਹਾਂ ਵੱਲੋਂ ਦਿੱਲੀ-ਯੂਪੀ ਹੱਦ ਦੇ ਪਿੰਡ ਚਿੱਕਮਬਰਪੁਰ ਨਾਲ ਸਬੰਧਤ 945 ਵਰਗ ਮੀਟਰ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ਾ ਕੀਤਾ ਹੋਇਆ ਸੀ। ਐੱਸ.ਪੀ. ਤੋਮਰ ਮੁਤਾਬਕ ਇਸ ਜ਼ਮੀਨ ਦਾ 532 ਵਰਗ ਮੀਟਰ ਦਾ ਹਿੱਸਾ ਇੱਕ ਟਰਾਂਸਪੋਰਟ ਕੰਪਨੀ ਨੂੰ ਦਿੱਤਾ ਗਿਆ ਸੀ ਤੇ ਬਾਕੀ ਥਾਂ ਨੂੰ ਰਾਹ ਵਜੋਂ ਵਰਤਿਆ ਜਾ ਰਿਹਾ ਸੀ। ਦਿੱਲੀ ਦੇ ਮੁੱਖ ਮੰਤਰੀ ਵੱਲੋਂ ਸਰਕਾਰੀ ਜ਼ਮੀਨਾਂ ਉਪਰ ਕੀਤੇ ਗਏ ਕਬਜ਼ੇ ਹਟਾਉਣ ਦੀ ਕੀਤੀ ਗਈ ਹਦਾਇਤ ਦੇ ਮੱਦੇਨਜ਼ਰ ਗਾਜ਼ੀਆਬਾਦ ਪੁਲੀਸ ਵੱਲੋਂ ਇਹ ਕਾਰਵਾਈ ਕੀਤੀ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਦੇ ਮੁਲਾਜ਼ਮ ਦੇ ਨਿੱਜੀ ਮਾਮਲਿਆਂ ਵਿੱਚ ਏਅਰਵੇਜ਼ ਕੋਈ ਟਿੱਪਣੀ ਨਹੀਂ ਕਰਦੀ। ਸੋਸ਼ਲ ਮੀਡੀਆ ਉਪਰ ਕਰਨਲ ਅਵਨੀਤ ਸਿੰਘ ਬੇਦੀ ਦੀ ਤਸਵੀਰ ਨੂੰ ਇੱਕ ਮੀਡੀਆ ਹਾਊਸ ਵੱਲੋਂ ਪ੍ਰਮੁੱਖਤਾ ਨਾਲ ਦਿਖਾਏ ਜਾਣ ਦੀ ਆਲੋਚਨਾ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਅਜੇ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੇ ਹੋਰ ਪੱਖਾਂ ’ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।