ਜੇਲ੍ਹ ਮੰਤਰੀ ਰੰਧਾਵਾ ਦੀ ਕੋਰੋਨਾ ਰਿਪੋਰਟਾਂ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਸਵਾਲ

92
Share

-ਪਹਿਲਾਂ ਰਿਪੋਰਟ ਆਈ ਪਾਜ਼ੀਟਿਵ, ਮੁੜ ਜਾਂਚ ’ਤੇ ਰਿਪੋਰਟ ਆਈ ਸੀ ਨੈਗੇਟਿਵ
ਚੰਡੀਗੜ੍ਹ, 1 ਮਾਰਚ (ਪੰਜਾਬ ਮੇਲ)- ਕੋਰੋਨਾ ਦੀ ਜਾਂਚ ਨੂੰ ਲੈ ਕੇ ਬੇਹੱਦ ਰੋਮਾਂਚਕ ਤੱਥ ਜ਼ਾਹਰ ਹੋਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰਿਪੋਰਟ ਪਹਿਲਾਂ ਪਾਜ਼ੀਟਿਵ ਆਈ ਸੀ। ਹੁਣ ਜਦੋਂ ਮੁੜ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ ਹੈ। ਪਹਿਲੀ ਜਾਂਚ ਪੰਜਾਬ ਦੇ ਸਿਹਤ ਵਿਭਾਗ ਨੇ ਕੀਤੀ ਸੀ ਤੇ ਦੂਜੀ ਜਾਂਚ ਪੀ.ਜੀ.ਆਈ. ਵਿਚ ਕਰਵਾਈ ਗਈ ਹੈ। ਪਾਜ਼ੀਟਿਵ ਤੇ ਨੈਗੇਟਿਵ ਦੀ ਖੇਡ ਵਿਚ ਸਿਹਤ ਵਿਭਾਗ ਦੀ ਜਾਂਚ ’ਤੇ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਕ ਜੇਲ੍ਹ ਮੰਤਰੀ ਰੰਧਾਵਾ ਨੇ ਦੋ ਦਿਨ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਐੱਮ.ਐੱਲ.ਏ. ਹੋਸਟਲ ’ਚ ਕੋਰੋਨਾ ਦਾ ਸੈਂਪਲ ਦਿੱਤਾ ਸੀ। ਵਿਧਾਨ ਸਭਾ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਵੀ ਕੋਰੋਨਾ ਰਿਪੋਰਟ ਹੋਣੀ ਲਾਜ਼ਮੀ ਹੁੰਦੀ ਹੈ, ਇਸ ਲਈ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੇ ਸੈਂਪਲ ਦਿੱਤੇ ਸਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਇਸ ਗੱਲ ਨੂੰ ਲੈ ਕੇ ਹੈਰਾਨ ਸਨ, ਜਦਕਿ ਖ਼ੁਦ ਤੰਦਰੁਸਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਅੰਦਰ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ ਤੇ ਅਗਸਤ 2020 ’ਚ ਉਹ ਪਹਿਲਾਂ ਵੀ ‘ਕੋਰੋਨਾ ਪਾਜ਼ੀਟਿਵ’ ਆ ਗਏ ਸਨ। ਫੇਰ ਇੰਨੀ ਜਲਦੀ ਕਿਵੇਂ ਮੁੜ ਕੋਰੋਨਾ ਹੋ ਗਿਆ। ਅਹਿਮ ਗੱਲ ਇਹ ਸੀ ਕਿ ਉਨ੍ਹਾਂ ਦੀ ਰਿਪੋਰਟ ਹੱਥੀਂ ਲਿਖੀ ਗਈ ਸੀ ਤੇ ਬਾਕੀ ਰਿਪੋਰਟਾਂ ਪਿ੍ਰੰਟ ਕੀਤੀਆਂ ਸਨ। ਆਪਣੀ ਸ਼ੰਕਾ ਮਿਟਾਉਣ ਲਈ ਉਨ੍ਹਾਂ ਨੇ ਪੀ.ਜੀ.ਆਈ. ’ਚ ਮੁੜ ਸੈਂਪਲ ਦਿੱਤੇ। ਇਸ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ। ਰੰਧਾਵਾ ਦੀ ਭਾਵੇਂ ਰਿਪੋਰਟ ਨੈਗੇਟਿਵ ਆਈ ਹੈ ਪਰ ਸੂਬਾ ਸਰਕਾਰ ਦੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਗਏ ਹਨ।

Share