ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੀ ਈਮੇਲ ਜਾਂਚ ਦੌਰਾਨ ਕੀਤੀ ਲਾਪਰਵਾਹੀ

ਵਾਸ਼ਿੰਗਟਨ, 16 ਜੂਨ (ਪੰਜਾਬ ਮੇਲ)- ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਐੱਫਬੀਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੇ ਨੇ ਹਿਲੇਰੀ ਕਲਿੰਟਨ ਦੇ ਨਿੱਜੀ ਈ-ਮੇਲ ਸਰਵਰ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਿਖਾਈ। ਉਨ੍ਹਾਂ ਨੇ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਅਣਉਚਿਤ ਤਰੀਕੇ ਨਾਲ ਲੋਕਾਂ ਦੇ ਨਾਲ ਜਾਂਚ ਦੇ ਬਾਰੇ ਵਿਚ ਜਾਣਕਾਰੀ ਸਾਂਝੀ ਕੀਤੀ। ਸਾਲ 2016 ਦੀ ਰਾਸ਼ਟਰਪਤੀ ਚੋਣ ਦੌਰਾਨ ਐੱਫਬੀਆਈ ਅਧਿਕਾਰੀਆਂ ਦੇ ਵਤੀਰੇ ਦੀ ਸਮੀਖਿਆ ਵਿਚ ਇਹ ਤੱਥ ਸਾਹਮਣੇ ਆਇਆ ਹੈ। ਨਿਆਂ ਵਿਭਾਗ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਦੇ ਸਮਰੱਥਨ ਵਿਚ ਹਾਲਾਂਕਿ ਕੋਈ ਸਬੂਤ ਨਹੀਂ ਮਿਲਿਆ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਐੱਫਬੀਆਈ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੀ ਹੈ। ਇਸ ਏਜੰਸੀ ਨੇ ਟਰੰਪ ਦੀ ਚੋਣ ਪ੍ਰਚਾਰ ਟੀਮ ਅਤੇ ਰੂਸ ਵਿਚਕਾਰ ਗੰਢਤੁੱਪ ਮਾਮਲੇ ਦੀ ਜਾਂਚ ਕੀਤੀ ਸੀ। ਐੱਫਬੀਆਈ ਦੀ ਇਹ ਟੀਮ ਹਿਲੇਰੀ ਦੇ ਨਿੱਜੀ ਈ-ਮੇਲ ਸਰਵਰ ਮਾਮਲੇ ਤੋਂ ਸ਼ੁਰੂ ਹੋਈ ਸੀ। ਇਹ ਜਾਂਚ ਇਹ ਪਤਾ ਲਗਾਉਣ ‘ਤੇ ਕੇਂਦਰਿਤ ਸੀ ਕਿ ਹਿਲੇਰੀ ਵਿਦੇਸ਼ ਮੰਤਰੀ ਹੁੰਦਿਆਂ ਨਿਊਯਾਰਕ ਸਥਿਤ ਘਰ ਤੋਂ ਸਰਵਰ ਰਾਹੀਂ ਗੁਪਤ ਸੂਚਨਾਵਾਂ ਭੇਜੀਆਂ ਜਾਂ ਪ੍ਰਾਪਤ ਕੀਤੀਆਂ ਸਨ ਜਾਂ ਨਹੀਂ।